ਚੰਡੀਗੜ੍ਹ: ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ।ਪੰਜਾਬ ਵਿੱਚ ਹੁਣ ਤੱਕ 57 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।ਜਿਸ ਵਿੱਚੋਂ 54 ਲੱਖ ਮੀਟ੍ਰਿਕ ਟਨ ਸਰਕਾਰ ਵੱਲੋਂ ਖਰੀਦੀ ਜਾ ਚੁੱਕੀ ਹੈ।


ਮੰਤਰੀ ਨੇ ਕਿਹਾ ਕੇਂਦਰ ਦੀ ਏਜੰਸੀ ਨੇ ਆਪਣਾ ਦੌਰਾ ਪੂਰਾ ਕਰ ਲਿਆ ਹੈ, ਬਹੁਤ ਜਲਦ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਝਾੜ ਵਿੱਚ ਆਈ ਕਮੀ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ।


ਕਟਾਰੂਚੱਕ ਨੇ ਕਿਹਾ, "ਕੱਲ੍ਹ ਮੈਂ ਇਸ ਮਾਮਲੇ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਜਾ ਰਿਹਾ ਹਾਂ, ਜਿਸ ਵਿੱਚ ਹੋਰ ਚੰਗੇ ਮੁਆਵਜ਼ੇ ਬਾਰੇ ਗੱਲ ਕੀਤੀ ਜਾਵੇਗੀ। ਪੰਜਾਬ ਦੇ ਖਜ਼ਾਨੇ ਨੂੰ ਜੋ ਲੁੱਟ-ਖੋਹ ਹੋਈ ਹੈ, ਉਸ ਨੂੰ ਦੇਖਣਾ ਅਤੇ ਜਾਂਚ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਜਾਂਚ ਦੇ ਖੇਤਰ 'ਚ 31000 ਕਰੋੜ ਰੁਪਏ, ਜੋ ਕਿ ਸੀ.ਸੀ.ਐੱਲ. ਲਿਮਟ ਦੇ ਸਨ, ਨੂੰ ਵੀ ਰੱਖਿਆ ਜਾਵੇਗਾ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।"


ਫੂਡ ਸਪਲਾਈ ਮੰਤਰੀ ਨੇ ਕਿਹਾ, "ਪੰਜਾਬ ਨੂੰ ਅਜੇ ਤੱਕ RDF ਦਾ ਕੋਈ ਪੈਸਾ ਨਹੀਂ ਮਿਲਿਆ, ਇਸ ਲਈ ਯਤਨ ਕੀਤੇ ਜਾ ਰਹੇ ਹਨ, ਜਲਦ ਹੀ ODF ਦਾ ਪੈਸਾ ਪੰਜਾਬ ਨੂੰ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਪੰਜਾਬ 'ਚ ਵਿਕਾਸ ਕਾਰਜ ਹੋ ਸਕਣ।ਪੰਜਾਬ 'ਚ ਜਲਦ ਹੀ ਲੋਕਾਂ ਨੂੰ ਘਰ-ਘਰ ਰਾਸ਼ਨ ਦੀ ਮੁਫਤ ਹੋਮ ਡਲਿਵਰੀ ਮਿਲੇਗੀ, ਇਸ ਯੋਜਨਾ ਨੂੰ ਜਲਦ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।"


ਰਾਸ਼ਨ ਦੀ ਹੋਮ ਡਿਲਵਰੀ ਤੇ ਬੋਲਦੇ ਹੋਏ ਮੰਤਰੀ ਨੇ ਕਿਹਾ, "ਇਸ ਦਾ ਐਲਾਨ ਹੁਣ ਕਰ ਦਿੱਤਾ ਗਿਆ ਹੈ ਪਰ ਇਸ 'ਤੇ ਕੰਮ ਚੱਲ ਰਿਹਾ ਹੈ ਕਿ ਇਸ ਸਕੀਮ ਨੂੰ ਕਿਵੇਂ ਲਾਗੂ ਕੀਤਾ ਜਾਵੇ ਅਤੇ ਪੰਜਾਬ 'ਚ ਇਹ ਸਕੀਮ ਕਿਵੇਂ ਲਾਗੂ ਹੋਵੇਗੀ। ਪੰਜਾਬ ਸਰਕਾਰ ਦਾ ਜਿੰਨਾਂ ਟੀਚਾ ਹੈ ਉਹ ਓਨਾਂ ਖਰੀਦੇਗੀ, ਹੁਣ ਪ੍ਰਾਈਵੇਟ ਏਜੰਸੀ ਖਰੀਦ ਰਹੀ ਹੈ, ਪਰ ਪੰਜਾਬ ਸਰਕਾਰ ਆਪਣੇ ਹਿੱਸੇ ਦੀ ਸਾਰੀ ਖਰੀਦ ਕਰੇਗੀ।"