ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਤੌਜ ਵਿਖੇ ਇੱਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਸਾਲ ਮੂੰਗੀ, ਮੱਕੀ, ਸੂਰਜਮੁਖੀ, ਬਾਜਰੇ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੇਵੇਗੀ। ਇਨ੍ਹਾਂ ਫਸਲਾਂ ਨੂੰ ਪੰਜਾਬ ਸਰਕਾਰ ਖਰੀਦੇਗੀ ਅਤੇ ਅੱਗੇ ਕਿਸੇ ਨੂੰ ਵੀ ਵੇਚਾਂਗੇ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਭਗਵੰਤ ਮਾਨ ਖੁਦ ਗੱਲਬਾਤ ਕਰ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਕੁੱਝ ਫੈਸਲੇ ਲਏ ਹਨ, ਜਿਸ ਲਈ 'ਆਪ' ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਪਾਣੀ ਬਹੁਤ ਹੇਠਾਂ ਚਲਾ ਗਿਆ ਹੈ, ਅੱਜ ਪੰਜਾਬ ਵਿੱਚ ਨਹੀਂ ਕਹਿ ਸਕਦੇ ਕਿ ਝੋਨਾ ਨਾ ਲਗਾਓ, ਜਦ ਤੱਕ ਕੋਈ ਹੋਰ ਹੱਲ ਨਹੀਂ ਦਿਸਦਾ। ਜੇਕਰ ਤੁਹਾਡੇ ਕੋਲ 10 ਏਕੜ ਹੈ ਤਾਂ ਤੁਸੀਂ 5 ਵਿੱਚ ਲਗਾਓ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਲੋਕ ਮੇਰੀ ਗੱਲ ਮੰਨਦੇ, ਜੇ ਤੁਸੀਂ ਨਹੀਂ ਮੰਨਦੇ ਤਾਂ ਪੰਜਾਬ ਕਿਵੇਂ ਮੰਨੇਗਾ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਪਿੰਡ ਸਤੌਜ ਵਿਖੇ ਇੱਕ ਪ੍ਰੋਗਰਾਮ 'ਚ ਸ਼ਾਮਿਲ ਹੋਏ ਸੀ। ਜਿਥੇ ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਮੁੱਖ ਮੰਤਰੀ ਬਣ ਕੇ ਨਹੀਂ ਸਗੋਂ ਆਪਣੇ ਪਿੰਡ ਦਾ ਲੜਕਾ ਬਣ ਕੇ ਆਇਆ ਹਾਂ। ਅਸੀਂ ਜਿੰਨੇ ਮਰਜ਼ੀ ਉਪਰ ਚਲੇ ਗਏ ਹਾਂ, ਪਰ ਤੁਸੀਂ ਆਪਣੀਆਂ ਜੜ੍ਹਾਂ ਨਹੀਂ ਛੱਡ ਸਕਦੇ। ਉਨ੍ਹਾਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਅਸੀਂ ਪੰਜਾਬ ਦੇ ਫੈਕਟਰੀ ਵਾਲਿਆਂ ਨੂੰ ਪਾਣੀ ਨੂੰ ਸਾਫ਼ ਰੱਖਣ ਲਈ ਕਿਹਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਬਿਜਲੀ ਨਾ ਹੋਣ ਦਾ ਮੁੱਦਾ ਉਠਾਇਆ। ਜਿਸ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਹਿ ਕਿ ਪੰਜਾਬ ਦੇ ਸਿਆਸੀ ਲੋਕ ਅੱਜ ਆਪਣੀ ਕਾਰ, ਕੋਠੀ ਛੱਡਣ ਨੂੰ ਤਿਆਰ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਾਈਲ ਆ ਰਹੀ ਹੈ, ਤੁਸੀਂ ਦੇਖਣਾ ਪੰਜਾਬ 'ਚ ਬੁਲਡੋਜ਼ਰ ਕਿੱਥੇ ਚੱਲੇਗਾ।