ਚੰਡੀਗੜ੍ਹ: ਪੰਜਾਬ ਸਰਕਾਰ ਨਵੇਂ ਸਾਲ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਜਾ ਰਹੀ ਹੈ। ਸਰਕਾਰ ਨੇ ਯੋਜਨਾ ਤਿਆਰ ਕਰ ਲਈ ਹੈ ਬੱਸ ਹੁਣ ਲਾਗੂ ਹੋਣੀ ਹੀ ਬਾਕੀ ਹੈ। ਇਸ ਦੇ ਨਾਲ ਹੀ ਹਰ ਘਰ ਨੌਕਰੀ ਤੇ ਪੂਰਾ ਕਰਜ਼ਾ ਮਾਫ ਕਰਨ ਦਾ ਵਾਅਦਾ ਵੀ ਜਲਦ ਪੂਰਾ ਹੋ ਰਿਹਾ ਹੈ। ਇਹ ਦਾਅਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫੋਨ ਰਿਲਾਇੰਸ ਕੰਪਨੀ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਰਜ਼ਾ ਮਾਫ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਪਿਛਲੀ ਅਕਾਲੀ-ਬੀਜੇਪੀ ਸਰਕਾਰ ਵੇਲੇ ਦੇ 3100 ਕਰੋੜ ਦੇ ਕਥਿਤ ਅਨਾਜ ਘਪਲੇ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਦਾ ਆਡਿਟ ਜਾਰੀ ਹੈ। ਦੋਸ਼ੀ ਜਿੰਨਾ ਮਰਜ਼ੀ ਵੱਡਾ ਹੋਵੇ ਪਰ ਬਖਸ਼ਿਆ ਨਹੀਂ ਜਾਵੇਗਾ। ਮੋਦੀ ਸਰਕਾਰ ਦੇ GST ਬਾਰੇ ਉਨ੍ਹਾਂ ਕਿਹਾ ਕਿ ਇਹ ਅਜਿਹਾ ਕੁੜਤਾ ਹੈ ਜੋ ਦੇਸ਼ ਨੂੰ ਪੂਰਾ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਨੇ ਜੇ 10 ਵਿੱਚੋਂ 5 ਨੰਬਰ ਦਿੱਤੇ ਹਨ ਤਾਂ ਸਾਡੇ ਵਿੱਚ ਹੀ ਕੋਈ ਗਲਤੀ ਜ਼ਰੂਰ ਹੋਵੇਗੀ। ਸਭ ਕੁਝ ਠੀਕ ਕਰਾਂਗੇ ਸਾਡੀ ਨੀਅਤ ਬਿਲਕੁਲ ਸਾਫ਼ ਹੈ।