ਬਰਨਾਲਾ: ਸ਼ਹਿਰ ਤੋਂ ਲੁਧਿਆਣਾ ਨੂੰ ਜਾਂਦੇ ਮੁੱਖ ਮਾਰਗ 'ਤੇ ਸੰਘਣੀ ਧੁੰਦ ਕਾਰਨ ਵਾਪਰੀ ਸੜਕ ਦੁਰਘਟਨਾ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਇੱਕ ਟਰਾਲੇ ਵੱਲੋਂ ਟੈਂਪੂ ਤੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੇ ਜਾਣ ਕਾਰਨ ਵਾਪਰਿਆ।
ਸਵੇਰੇ ਤਕਰੀਬਨ 10 ਵਜੇ ਆਈ.ਟੀ.ਆਈ. ਚੌਕ ਤੋਂ ਰਾਏਕੋਟ ਨੂੰ ਜਾਂਦਿਆਂ ਵੱਡੇ ਟਰਾਲੇ ਨੇ ਧੁੰਦ ਕਾਰਨ ਆਪਣੇ ਅੱਗੇ ਜਾ ਰਹੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਟਰਾਲੇ ਦੇ ਟਕਰਾਉਣ ਕਾਰਨ ਬੇਕਾਬੂ ਹੋ ਕੇ ਟੈਂਪੂ ਨੇ ਅੱਗੇ ਜਾ ਰਹੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਦੋ ਲੋਕ ਤੇ ਟੈਂਪੂ ਚਾਲਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹਾਦਸੇ ਵਾਲੀ ਥਾਂ ਤੋਂ ਥੋੜ੍ਹਾ ਅੱਗੇ ਇੱਕ ਹੋਰ ਵਿਅਕਤੀ ਮੋਟਰਸਾਈਕਲ ਸਮੇਤ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਸ਼ਨਾਖ਼ਤ ਲਾਭ ਸਿੰਘ ਪੁੱਤਰ ਚੇਤਨ ਦਾਸ ਵਾਸੀ ਫਰਵਾਹੀ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਮ੍ਰਿਤਕ ਵਿਅਕਤੀ ਟਰਾਲੇ ਨਾਲ ਹੋਈ ਟੱਕਰ ਦੇ ਨਤੀਜੇ ਵਜੋਂ ਮਾਰਿਆ ਗਿਆ ਹੈ ਜਾਂ ਉਸ ਦੀ ਕਿਸੇ ਹੋਰ ਹਾਦਸੇ ਵਿੱਚ ਮੌਤ ਹੋਈ ਹੈ।