Punjab News: ਪੰਜਾਬ ਸਰਕਾਰ ਨੇ ਵਿਵਾਦਾਂ ‘ਚ ਘਿਰੀ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ 14 ਮਈ 2025 ਨੂੰ ਲਾਗੂ ਕੀਤੀ ਗਈ ਪੰਜਾਬ ਲੈਂਡ ਪਾਲਿਸੀ ਅਤੇ ਇਸ ਨਾਲ ਜੁੜੇ ਸੋਧਾਂ ਨੂੰ ਵਾਪਸ ਲਿਆ ਜਾ ਰਿਹਾ ਹੈ।

ਇਸ ਪਾਲਿਸੀ ਹੇਠ ਜਾਰੀ ਹੋਏ ਲੈਟਰ ਆਫ ਇੰਟੈਂਟ (LOI), ਰਜਿਸਟ੍ਰੇਸ਼ਨ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਕੰਮ ਰੱਦ ਕੀਤੇ ਜਾਂਦੇ ਹਨ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਪਾਲਿਸੀ ਵਾਪਸ ਲਵੇ, ਨਹੀਂ ਤਾਂ ਅਦਾਲਤ ਇਸ ਨੂੰ ਰੱਦ ਕਰ ਦੇਵੇਗੀ।

ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ। ਇਸੀ ਕਾਰਣ ਪਾਲਿਸੀ ਅਸੀਂ ਵਾਪਸ ਲੈ ਲਈ ਹੈ। ਦੱਸ ਦਈਏ ਕਿ ਪੰਜਾਬ ਦੇ ਕਿਸਾਨ ਲਗਾਤਾਰ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪਾਲਿਸੀ ਰਾਹੀਂ ਸਰਕਾਰ ਉਨ੍ਹਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਸੀ।

 

ਹਾਈਕੋਰਟ ਨੇ ਸਰਕਾਰ ਨੂੰ 2 ਵਿਕਲਪ ਦਿੱਤੇ ਸਨ

7 ਅਗਸਤ ਨੂੰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲੈਂਡ ਪੁਲਿੰਗ ਪਾਲਿਸੀ ‘ਤੇ ਫਟਕਾਰ ਲਾਈ ਸੀ। ਕਿਸਾਨਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ 1947 ਦੇ ਵੰਡ ਦੌਰਾਨ ਵੀ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਸੀ ਅਤੇ ਅੱਜ ਤੱਕ ਉਹ ਨੁਕਸਾਨ ਪੂਰਾ ਨਹੀਂ ਹੋ ਸਕਿਆ। ਮੋਹਾਲੀ ਵਿੱਚ ਪਹਿਲਾਂ ਲਾਗੂ ਕੀਤੀ ਪਾਲਿਸੀ ਤਹਿਤ ਵੀ ਕੁਝ ਲੋਕਾਂ ਨੂੰ ਪਲਾਟ ਨਹੀਂ ਮਿਲੇ ਹਨ।

ਅਦਾਲਤ ਨੇ ਪੁੱਛਿਆ ਸੀ ਕਿ ਜੇਕਰ ਇਸ ਪਾਲਿਸੀ ਹੇਠ 65 ਹਜ਼ਾਰ ਏਕੜ ਜ਼ਮੀਨ ਲਈ ਜਾਂਦੀ ਹੈ, ਤਾਂ ਉੱਥੇ ਉੱਗਣ ਵਾਲੇ ਅਨਾਜ ਦਾ ਕੀ ਹੋਵੇਗਾ ਅਤੇ ਖੇਤੀ ਮਜ਼ਦੂਰਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਰਹੇਗਾ? ਹਾਈਕੋਰਟ ਨੇ ਸਾਫ ਕਿਹਾ ਸੀ ਕਿ ਸਰਕਾਰ ਜਾਂ ਤਾਂ ਇਹ ਪਾਲਿਸੀ ਵਾਪਸ ਲਵੇ, ਨਹੀਂ ਤਾਂ ਅਦਾਲਤ ਇਸ ਨੂੰ ਰੱਦ ਕਰ ਦੇਵੇਗੀ।

ਸਰਕਾਰੀ ਵਕੀਲਾਂ ਨੇ ਕਿਹਾ ਸੀ ਕਿ ਉਹ ਸਰਕਾਰ ਨਾਲ ਚਰਚਾ ਕਰਕੇ ਉਚਿਤ ਜਵਾਬ ਦੇਣਗੇ। ਅਦਾਲਤ ਨੇ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਸੀ।

ਕਿਸਾਨਾਂ ਦੇ ਨਾਲ ਵਿਰੋਧੀ ਧਿਰ ਨੇ ਵੀ ਕੀਤਾ ਵਿਰੋਧ

ਇਸ ਪਾਲਿਸੀ ਦਾ ਪੰਜਾਬ ਵਿੱਚ ਕਿਸਾਨਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਕਾਂਗਰਸ ਵੱਲੋਂ ਜਿੱਥੇ ਸਾਰੇ ਹਲਕਿਆਂ ‘ਚ ਵਿਰੋਧ ਰੈਲੀਆਂ ਕੀਤੀਆਂ ਜਾ ਰਹੀਆਂ ਸਨ, ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਰੇ ਪੰਜਾਬ ‘ਚ ਵਿਰੋਧ ਰੈਲੀਆਂ ਕੀਤੀਆਂ। ਹੁਣ 1 ਸਤੰਬਰ ਤੋਂ ਮੋਹਾਲੀ ‘ਚ ਪੱਕਾ ਮੋਰਚਾ ਲਗਾਉਣ ਦੀ ਤਿਆਰੀ ਸੀ। ਇਸ ਦੌਰਾਨ ਮੋਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਕਾਸ ਭਵਨ ਸਥਿਤ ਨਿਵਾਸ ਦਾ ਘੇਰਾਓ ਕਰਨ ਦੀ ਯੋਜਨਾ ਸੀ, ਜਦਕਿ ਭਾਜਪਾ ਵੱਲੋਂ 17 ਅਗਸਤ ਤੋਂ ਜ਼ਮੀਨ ਬਚਾਓ, ਕਿਸਾਨ ਬਚਾਓ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਸੀ। ਇਹ ਯਾਤਰਾ ਸਾਰੇ 23 ਜ਼ਿਲ੍ਹਿਆਂ ਵਿੱਚ ਜਾਣੀ ਸੀ।

 

ਮੰਤਰੀ ਚੀਮਾ ਨੇ ਕਿਹਾ– ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ, ਇਸ ਲਈ ਵਾਪਸ ਲਈ

ਪਾਲਿਸੀ ਰੱਦ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ। ਪਾਰਟੀ ਕਿਸਾਨਾਂ ਲਈ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਸੀ, ਪਰ ਉਹ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ। ਇਸੀ ਕਾਰਨ ਪਾਲਿਸੀ ਅਸੀਂ ਵਾਪਸ ਲੈ ਲਈ ਹੈ। ਸੀਐਮ ਭਗਵੰਤ ਮਾਨ ਖੁਦ ਕਿਸਾਨ ਹਨ। ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ‘ਚ ਕਿਸਾਨਾਂ ਦੇ ਆਖ਼ਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਕੀਤਾ। ਜੋ ਬਿਜਲੀ ਪਹਿਲਾਂ ਰਾਤ ਨੂੰ ਅੱਠ ਘੰਟੇ ਆਉਂਦੀ ਸੀ, ਹੁਣ ਉਹ ਦਿਨ ਵਿੱਚ ਆਉਣ ਲੱਗੀ ਹੈ।