ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸੂਬੇ ਅੰਦਰ ਵੀਕਐਂਡ ਲੌਕਡਾਊਨ ਅਤੇ ਰੋਜ਼ਾਨਾਂ ਨਾਇਟ ਕਰਫਿਊ ਲਾਗੂ ਕਰਨ ਦਾ ਐਲਾਨ ਕੀਤਾ ਹੈ।ਰਾਤ 7 ਵਜੇ ਤੋਂ ਸਵੇਰੇ 5ਵਜੇ ਤੱਕ ਨਾਇਟ ਕਰਫਿਊ ਜਾਰੀ ਰਹੇਗਾ। ਪੰਜਾਬ ਸਰਕਾਰ ਨੇ ਇਸ ਸਬੰਧੀ ਨਵੀਂਆਂ ਗਾਈਲਾਇਨਜ਼ ਜਾਰੀ ਕੀਤੀਆਂ ਹਨ।

ਰਾਜ ਵਿਚ ਵੱਡੇ ਪੱਧਰ 'ਤੇ ਕੋਵਿਡ ਸਪਾਈਕ ਨਾਲ ਨਜਿੱਠਣ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਐਮਰਜੈਂਸੀ ਉਪਾਵਾਂ ਦਾ ਆਦੇਸ਼ ਦਿੱਤਾ, ਜਿਸ ਵਿਚ ਰੋਜ਼ਾਨਾ ਨਾਇਟ ਕਰਫਿਊ ਦੇ ਨਾਲ ਵੀਕਐਂਡ ਲੌਕਡਾਊਨ ਸ਼ਾਮਲ ਹੈ।ਕੱਲ੍ਹ ਤੋਂ ਰਾਜ ਦੇ ਸਾਰੇ 167 ਸ਼ਹਿਰਾਂ / ਕਸਬਿਆਂ ਵਿਚ ਨਾਇਟ ਕਰਫਿਊ ਲਾਗੂ ਹੋਵੇਗਾ।


ਇਹ ਵੀ ਪੜ੍ਹੋ: ਭਾਰਤ 'ਚ ਇੱਕੋ ਦਿਨ 70,000 ਦੇ ਕਰੀਬ ਨਵੇਂ ਕੋਰੋਨਾ ਕੇਸ, ਹੁਣ ਤਕ 54,000 ਲੋਕਾਂ ਦੀ ਮੌਤ

ਨਵੇਂ ਨਿਯਮਾਂ ਮੁਤਾਬਿਕ ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਇੱਕਠ ਤੇ 31 ਅਗਸਤ ਤੱਕ ਰੋਕ ਲਾ ਦਿੱਤੀ ਗਈ ਹੈ।ਇਸ ਦੇ ਨਾਲ ਹੀ ਅਗਸਤ ਮਹੀਨੇ 'ਚ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ 'ਚ ਸਿਰਫ 50 ਫੀਸਦ ਹੀ ਕਰਮਚਾਰੀ ਕੰਮ ਕਰਨਗੇ।ਪੰਜਾਬ 'ਚ ਹੁਣ ਤੱਕ 36 ਹਜ਼ਾਰ ਕੋਰੋਨਾ ਕੇਸ ਆ ਚੁੱਕੇ ਹਨ ਅਤੇ 920 ਲੋਕਾਂ ਦੀ ਮੌਤ ਹੋ ਚੁੱਕੀ ਹੈ।



ਕੈਪਟਨ ਅਮਰਿੰਦਰ ਨੇ ਸਬੰਧਤ ਅਧਿਕਾਰੀਆਂ ਨੂੰ ਸਰਕਾਰੀ ਅਦਾਰਿਆਂ ਵਿਚ ਜਨਤਕ ਮਹਿਮਾਨਾਂ ਨੂੰ ਸੀਮਤ ਰੱਖਣ ਅਤੇ ਆਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ

ਸੂਬੇ ਦੇ ਸਭ ਤੋਂ ਪ੍ਰਭਾਵਤ ਜ਼ਿਲੇ ਜਿਵੇਂ ਕੇ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐਸ.ਏ.ਐਸ.ਨਗਰ (ਮੁਹਾਲੀ) ਵਿੱਚ, ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ ਲਗਾ ਦਿੱਤੀ ਗਈ ਹੈ।ਬੱਸਾਂ ਅਤੇ ਹੋਰ ਜਨਤਕ ਆਵਾਜਾਈ 50% ਸਮਰੱਥਾ ਨਾਲ ਚੱਲਣਗੀਆਂ ਅਤੇ ਪ੍ਰਾਈਵੇਟ ਚਾਰ ਪਹੀਆ ਵਾਹਨ ਚਾਲਕਾਂ ਨੂੰ ਤਿੰਨ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾਣ ਦੀ ਆਗਿਆ ਨਹੀਂ ਹੈ।ਮੁੱਖ ਮੰਤਰੀ ਨੇ ਇਨ੍ਹਾਂ ਪੰਜ ਜ਼ਿਲ੍ਹਿਆਂ ਦੇ DCs ਨੂੰ ਹਦਾਇਤ ਕੀਤੀ ਹੈ ਕਿ ਭੀੜ ਨੂੰ ਰੋਕਣ ਲਈ ਰੋਜ਼ਾਨਾ ਸਿਰਫ 50% ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।ਪੰਜਾਬ 'ਚ 80% ਐਕਟਿਵ ਕੇਸ ਇਨ੍ਹਾਂ ਪੰਜ ਜ਼ਿਲ੍ਹਿਆਂ 'ਚ ਹੀ ਹਨ।

ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵਿਆਹਾਂ ਅਤੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਸੰਬੰਧ ਵਿਚ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ ਕਰਨ ਅਤੇ 31 ਅਗਸਤ ਤੱਕ ਰਾਜਨੀਤਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ