ਚੰਡੀਗੜ੍ਹ: ਹੁਣ ਜਨਤਾ ਦੇ ਪੈਸੇ ਨਾਲ ਲੀਡਰ ਵਿਦੇਸ਼ ਗੇੜੀ ਲਾਉਣਗੇ। ਕੈਪਟਨ ਸਰਕਾਰ ਵਿਧਾਇਕਾਂ ਨੂੰ ਖੁਸ਼ ਕਰਨ ਲਈ ਵਿਦੇਸ਼ ਭੇਜ ਰਹੀ ਹੈ। ਇਸ ਦਾ ਖਰਚਾ ਪੰਜਾਬ ਵਿਧਾਨ ਸਭਾ ਵੱਲੋਂ ਚੁੱਕਿਆ ਜਾਏਗਾ। ਇਸ ਦਾ ਮਕਸਦ ਵਿਧਾਇਕ ਨੂੰ ਵਿਦੇਸ਼ਾਂ ਦੇ ਪਾਰਲੀਮਾਨੀ ਪ੍ਰਬੰਧ ਤੇ ਸੰਸਦੀ ਰਵਾਇਤਾਂ ਤੋਂ ਜਾਣੂ ਕਰਾਉਣਾ ਦੱਸਿਆ ਜਾ ਰਿਹਾ ਹੈ। ਹੈਰਾਨੀ ਇਸ ਗੱਲ਼ ਦੀ ਹੈ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ ਪਰ ਇਸ ਦੇ ਬਾਵਜੂਦ ਵਿਧਾਇਕਾਂ ਦੇ ਸੈਰ-ਸਪਾਟੇ ਲਈ ਦਿਲ ਖੋਲ੍ਹ ਕੇ ਪੈਸਾ ਖਰਚਿਆ ਜਾ ਰਿਹਾ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਧਾਇਕਾਂ ਦੇ ਵਿਦੇਸ਼ ਦੌਰੇ ’ਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਵਿਦੇਸ਼ ਦੌਰੇ ’ਤੇ ਜਾਣ ਲਈ ਸੱਤਾ ਧਿਰ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਬਰਾਬਰ ਦਾ ਮੌਕਾ ਹੋਵੇਗਾ। ਵਿਧਾਇਕਾਂ ਦੇ ਇੰਗਲੈਂਡ, ਕੈਨੇਡਾ ਤੇ ਆਸਟਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਵਿਧਾਇਕਾਂ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚੋਂ ਇੱਕ ਦੇਸ਼ ਦੇ ਦੌਰੇ ’ਤੇ ਜਾਣ ਦੀ ਚੋਣ ਕਰਨੀ ਹੋਵੇਗੀ। ਉਂਝ ਅਜੇ ਤੱਕ ਵਿਰੋਧੀ ਧਿਰਾਂ ਦੇ ਵਿਧਾਇਕਾਂ ਦਾ ਪ੍ਰਤੀਕਰਮ ਇਸ ਬਾਰੇ ਨਹੀਂ ਆਇਆ ਪਰ ਸੱਤਾਧਿਰ ਦੇ ਵਿਧਾਇਕ ਬਾਗੋਬਾਗ ਹਨ।

ਸੂਤਰਾਂ ਮੁਤਾਬਕ ਤਿੰਨ ਦੇਸ਼ਾਂ ਦੇ ਦੌਰੇ ’ਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਤਿੰਨ ਦੇਸ਼ਾਂ ਵਿਚੋਂ ਜਿਹੜੇ ਦੇਸ਼ ਵਿੱਚ ਜਾਣਾ ਚਾਹੁੰਦੇ ਹਨ, ਉਸ ਬਾਰੇ ਆਪਣੀ ਪਸੰਦ ਲਿਖਤੀ ਤੌਰ ’ਤੇ ਵਿਧਾਨ ਸਭਾ ਸਕੱਤਰੇਤ ਨੂੰ ਦੱਸ ਦੇਣ। ਪਤਾ ਲੱਗਾ ਹੈ ਕਿ ਬਹੁਤੇ ਵਿਧਾਇਕ ਕੈਨੇਡਾ ਤੇ ਆਸਟਰੇਲੀਆ ਹੀ ਜਾਣਾ ਚਾਹੁੰਦੇ ਹਨ।

ਵਿਧਾਇਕਾਂ ਨੂੰ ਇਸ ਗੱਲ ਦੀ ਛੋਟ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਆਪਣੀ ਪਤਨੀ ਨੂੰ ਵੀ ਲਿਜਾ ਸਕਦੇ ਹਨ ਪਰ ਪਤਨੀ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਕਰਨਾ ਪਵੇਗਾ ਤੇ ਵਿਧਾਨ ਸਭਾ ਕੇਵਲ ਵਿਧਾਇਕ ਦਾ ਹੀ ਖ਼ਰਚਾ ਦੇਵੇਗੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਵਿਧਾਇਕ ਵਿਦੇਸ਼ਾਂ ਦੀ ਧਰਤੀ ’ਤੇ ਸੰਸਦੀ ਕੰਮਕਾਜ ਦੇਖਣ ਲਈ ਸਰਕਾਰੀ ਤੌਰ ’ਤੇ ਜਾ ਰਹੇ ਹਨ।