Punjab News: ਪੰਜਾਬ ਦੇ 117 ਵਿਧਾਇਕਾਂ ਨੂੰ ਹੁਣ ਆਪਣੀ ਜੇਬ 'ਚੋਂ ਟੈਕਸ ਅਦਾ ਕਰਨਾ ਪਵੇਗਾ। ਇਸ ਦਾ ਐਲਾਨ CM ਭਗਵੰਤ ਮਾਨ ਭਲਕੇ ਕਰਨਗੇ। ਪੰਜਾਬ 'ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਵਿਧਾਇਕਾਂ ਦਾ ਟੈਕਸ ਸਰਕਾਰ ਭਰਦੀ ਸੀ। ਇਸ ਤੋਂ ਪਹਿਲਾਂ ਪੰਜਾਬ ਦੀ 'ਆਪ' ਸਰਕਾਰ 'ਇੱਕ ਵਿਧਾਇਕ-ਇੱਕ ਪੈਨਸ਼ਨ' ਦਾ ਐਲਾਨ ਕਰ ਚੁੱਕੀ ਹੈ।
ਦੱਸ ਦਈਏ ਕਿ ਕਾਂਗਰਸ ਸਰਕਾਰ ਵੇਲੇ 117 ਵਿੱਚੋਂ 93 ਵਿਧਾਇਕਾਂ ਦਾ ਆਮਦਨ ਟੈਕਸ ਸਰਕਾਰ ਅਦਾ ਕਰ ਰਹੀ ਸੀ। ਸਰਕਾਰ ਨੇ 4 ਸਾਲਾਂ ਵਿੱਚ ਪੌਣੇ ਤਿੰਨ ਕਰੋੜ ਆਮਦਨ ਟੈਕਸ ਅਦਾ ਕੀਤਾ। ਖਾਸ ਗੱਲ ਇਹ ਸੀ ਕਿ ਇਸ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸ਼ਾਮਲ ਸੀ। ਜਿਨ੍ਹਾਂ ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖ਼ਜ਼ਾਨੇ 'ਚੋਂ ਭਰਿਆ ਜਾਂਦਾ ਰਿਹਾ, ਉਨ੍ਹਾਂ 'ਚ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਂ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ 'ਆਪ' ਦੇ 15 ਵਿਧਾਇਕਾਂ ਦੇ ਨਾਂ ਵੀ ਇਸ ਦਾ ਫਾਇਦਾ ਲੈਣ ਵਾਲਿਆਂ 'ਚ ਸ਼ਾਮਲ ਸੀ। ਇਨ੍ਹਾਂ ਵਿੱਚੋਂ ਅਮਨ ਅਰੋੜਾ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਬੁੱਧਰਾਮ, ਕੁਲਤਾਰ ਸਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਸਰਵਜੀਤ ਕੌਰ ਮਾਣੂੰਕੇ ਤੇ ਜੈਕਿਸ਼ਨ ਸਿੰਘ ਦੂਜੀ ਵਾਰ ਵਿਧਾਇਕ ਬਣੇ ਹਨ। ਇਨ੍ਹਾਂ ਵਿੱਚੋਂ ਕੁਲਤਾਰ ਸੰਧਵਾਂ ਹੁਣ ਵਿਧਾਨ ਸਭਾ ਦੇ ਸਪੀਕਰ ਤੇ ਗੁਰਮੀਤ ਮੀਤ ਸਿੱਖਿਆ ਮੰਤਰੀ ਬਣ ਗਏ ਹਨ।
ਪਿਛਲੀ ਸਰਕਾਰ 'ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸਮੇਤ ਕੁਝ ਆਗੂ ਆਪਣੇ ਤੌਰ 'ਤੇ ਇਨਕਮ ਟੈਕਸ ਭਰਦੇ ਰਹੇ ਹਨ। ਇਨ੍ਹਾਂ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਤਤਕਾਲੀ ਨੇਤਾ ਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ, ਮਨਪ੍ਰੀਤ ਬਾਦਲ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ, ਬਲਵੀਰ ਸਿੰਘ, ਬ੍ਰਹਮ ਮਹਿੰਦਰਾ, ਗੁਰਪ੍ਰੀਤ ਕਾਂਗੜ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ, ਕੁਲਜੀਤ ਨਾਗਰਾ ਸਮੇਤ 24 ਐਮਐਲਏ ਸ਼ਾਮਲ ਹਨ।