Punjab News: ਪੰਜਾਬ 'ਚ ਵਧਦੀ ਗਰਮੀ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧ ਰਹੀ ਹੈ। ਸ਼ਨੀਵਾਰ ਨੂੰ ਪੰਜਾਬ 'ਚ ਬਿਜਲੀ ਦੀ ਮੰਗ ਦਾ ਰਿਕਾਰਡ ਟੁੱਟ ਗਿਆ। ਸ਼ਨੀਵਾਰ ਨੂੰ ਇਸ ਸੀਜ਼ਨ ਦੀ ਸਭ ਤੋਂ ਵੱਧ 10155 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ। ਇਸ ਦੇ ਮੁਕਾਬਲੇ ਪਾਵਰਕੌਮ ਕੋਲ ਬਿਜਲੀ ਦੀ ਉਪਲਬਧਤਾ ਸਿਰਫ਼ 4782 ਮੈਗਾਵਾਟ ਸੀ। ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਬਾਹਰੋਂ ਬਿਜਲੀ ਵੀ ਖਰੀਦੀ ਸੀ, ਫਿਰ ਵੀ ਕਰੀਬ 2273 ਮੈਗਾਵਾਟ ਬਿਜਲੀ ਦੀ ਘਾਟ ਰਹੀ।


ਸ਼ਨੀਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ ਰਹੀ ਹੈ। ਇਸ ਦੇ ਮੁਕਾਬਲੇ ਪਾਵਰਕੌਮ ਨੇ ਰੋਪੜ ਤੇ ਲਹਿਰਾ ਮੁਹੱਬਤ ਦੇ ਆਪਣੇ ਸਾਰੇ ਅੱਠ ਯੂਨਿਟਾਂ ਤੋਂ 1493 ਮੈਗਾਵਾਟ, ਪ੍ਰਾਈਵੇਟ ਵਿੱਚ ਰਾਜਪੁਰਾ ਦੇ ਦੋ, ਤਲਵੰਡੀ ਸਾਬੋ ਦੇ ਦੋ ਤੇ ਗੋਇੰਦਵਾਲ ਦੇ ਇੱਕ ਯੂਨਿਟ ਤੋਂ, ਹਾਈਡਲ ਪ੍ਰਾਜੈਕਟਾਂ ਤੋਂ 2729 ਮੈਗਾਵਾਟ ਤੇ 510 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ। ਤਲਵੰਡੀ ਸਾਬੋ ਦਾ ਇੱਕ 660 ਮੈਗਾਵਾਟ ਤੇ ਗੋਇੰਦਵਾਲ ਵਿੱਚ 270 ਮੈਗਾਵਾਟ ਦਾ ਇੱਕ ਯੂਨਿਟ ਬੰਦ ਹੋਣ ਕਾਰਨ ਸ਼ਨੀਵਾਰ ਨੂੰ ਵੀ 930 ਮੈਗਾਵਾਟ ਦੀ ਬਿਜਲੀ ਸਪਲਾਈ ਠੱਪ ਰਹੀ।


ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਬਾਹਰੋਂ 3100 ਮੈਗਾਵਾਟ ਬਿਜਲੀ ਖਰੀਦੀ ਹੈ। ਇਸ ਦੇ ਬਾਵਜੂਦ ਵੀ ਘਾਟ ਰਹੀ, ਜਿਸ ਕਾਰਨ ਲੰਮੇ ਕੱਟ ਲਾਉਣੇ ਪਏ। ਸ਼ਨੀਵਾਰ ਨੂੰ ਜਿੱਥੇ ਸ਼ਹਿਰਾਂ 'ਚ ਸਾਢੇ ਤਿੰਨ ਘੰਟੇ, ਪਿੰਡਾਂ 'ਚ 11 ਘੰਟੇ ਤੇ ਸ਼ਹਿਰੀ ਉਦਯੋਗਾਂ 'ਚ 5 ਘੰਟੇ ਤੱਕ ਦਾ ਕੱਟ ਲੱਗਾ। ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਕੜਕਦੀ ਗਰਮੀ 'ਚ ਭਾਰੀ ਪ੍ਰੇਸ਼ਾਨੀ ਝੱਲਣੀ ਪਈ।


ਸ਼ਨੀਵਾਰ ਨੂੰ ਰਾਜਪੁਰਾ ਪਲਾਂਟ ਵਿੱਚ ਸੱਤ, ਲਹਿਰਾ ਮੁਹੱਬਤ ਵਿੱਚ ਤਿੰਨ, ਤਲਵੰਡੀ ਸਾਬੋ ਵਿੱਚ ਸੱਤ, ਰਾਜਪੁਰਾ ਵਿੱਚ 18 ਤੇ ਗੋਇੰਦਵਾਲ ਵਿੱਚ ਦੋ ਦਿਨ ਕੋਲਾ ਬਚਿਆ ਹੈ। ਮੌਜੂਦਾ ਸਮੇਂ ਵਿੱਚ ਕੋਲੇ ਦੇ ਸੰਕਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਪਾਵਰਕੌਮ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਜੂਨ ਵਿੱਚ ਪਛਵਾੜਾ ਖਾਣ ਦੇ ਚਾਲੂ ਹੋਣ ਮਗਰੋਂ ਕੋਲੇ ਦਾ ਸੰਕਟ ਖ਼ਤਮ ਹੋ ਜਾਵੇਗਾ।


ਇਹ ਵੀ ਪੜ੍ਹੋ: Patiala violence: ਪਟਿਆਲਾ ਹਿੰਸਾ ਬਾਰੇ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ, ਇੰਟੈਲੀਜੈਂਸ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰਨਾ ਪਿਆ ਮਹਿੰਗਾ