ਚੰਡੀਗੜ੍ਹ: ਪਟਿਆਲਾ 'ਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਬਾਰੇ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਹ ਪੁਲਿਸ ਵੱਲੋਂ ਇੰਟੈਲੀਜੈਂਸ ਰਿਪੋਰਟ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਸੀ। ਸ਼ਿਵ ਸੈਨਾ ਦੇ ਐਲਾਨ ਤੋਂ ਬਾਅਦ ਇੰਟੈਲੀਜੈਂਸ ਨੇ ਇੱਕ ਹਫ਼ਤਾ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਟਕਰਾਅ ਹੋ ਸਕਦਾ ਹੈ। ਜੇਕਰ ਪੁਲਿਸ ਚੌਕਸੀ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਟਕਰਾਅ ਨੂੰ ਟਾਲਿਆ ਜਾ ਸਕਦਾ ਸੀ। ਇਹ ਖੁਲਾਸਾ ਸੀਐਮ ਤੇ ਡੀਜੀਪੀ ਨੂੰ ਦਿੱਤੀ ਗਈ ਇੰਟੈਲੀਜੈਂਸ ਦੀ ਸ਼ੁਰੂਆਤੀ ਰਿਪੋਰਟ 'ਚ ਹੋਇਆ ਹੈ।


ਦੱਸ ਦਈਏ ਕਿ ਖਾਲਿਸਤਾਨ ਪੱਖੀ ਗੁਰਪਤਵੰਤ ਪੰਨੂ ਵੱਲੋਂ ਖ਼ਾਲਿਸਤਾਨ ਸਥਾਪਨਾ ਦਿਵਸ ਮਨਾਉਣ ਦੇ ਐਲਾਨ ਦੇ ਵਿਰੋਧ 'ਚ ਸ਼ਿਵ ਸੈਨਾ ਨੇ ਪਹਿਲੀ ਵਾਰ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਸ਼ਿਵ ਸੈਨਾ ਦੇ ਲੀਡਰ ਹਰੀਸ਼ ਸਿੰਗਲਾ ਦੇ ਸਾਥੀਆਂ ਤੋਂ ਇਲਾਵਾ ਕੋਈ ਵੀ ਹਿੰਦੂ ਜਥੇਬੰਦੀ ਇਸ 'ਚ ਸ਼ਾਮਲ ਨਹੀਂ ਸੀ। ਇੰਟੈਲੀਜੈਂਸ ਨੇ ਟਕਰਾਅ ਤੋਂ 6 ਘੰਟੇ ਪਹਿਲਾਂ ਹੀ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ ਪਰ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਤਾਂ ਦੂਰ ਦੀ ਗੱਲ, ਪੁਲਿਸ ਨੇ ਬੈਰੀਕੇਡਿੰਗ ਵੀ ਨਹੀਂ ਕੀਤੀ ਸੀ। ਸਿਰਫ਼ ਇੱਕ ਸੜਕ 'ਤੇ ਬੈਰੀਕੇਡਿੰਗ ਕੀਤੀ ਗਈ ਸੀ। ਆਈਜੀ ਰਾਜੇਸ਼ ਅਗਰਵਾਲ ਸਥਿਤੀ ਨੂੰ ਸੰਭਾਲ ਨਹੀਂ ਸਕੇ।


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਸਐਸਪੀ ਡਾ. ਨਾਨਕ ਸਿੰਘ ਨੇ ਬੈਰੀਕੇਡਿੰਗ ਨਹੀਂ ਕਰਵਾਈ। ਨਾ ਤਾਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਤੇ ਨਾ ਹੀ ਜਲ ਤੋਪਾਂ ਦਾ ਪ੍ਰਬੰਧ ਕੀਤਾ ਗਿਆ। ਉਹ ਆਪਣੀ ਪਿਸਤੌਲ ਤੇ ਹੋਰ ਮੁਲਾਜ਼ਮਾਂ ਦੀ ਏਕੇ-47 ਨਾਲ ਹਵਾ 'ਚ ਫ਼ਾਇਰ ਕਰਦੇ ਰਹੇ। ਪ੍ਰਦਰਸ਼ਨਕਾਰੀ ਪੁਲਿਸ ਦੇ ਸਾਹਮਣੇ ਨੱਚਦੇ ਨਜ਼ਰ ਆਏ।


ਐਸਐਸਪੀ 1 ਅਪ੍ਰੈਲ ਨੂੰ ਪਟਿਆਲਾ ਆਏ ਸਨ। ਲੰਬੇ ਸਮੇਂ ਤੋਂ ਤਾਇਨਾਤ ਐਸਪੀ ਸਿਟੀ ਹਰਪਾਲ ਸਿੰਘ ਨੂੰ ਸ਼ਹਿਰ ਬਾਰੇ ਪੂਰੀ ਜਾਣਕਾਰੀ ਸੀ। ਮਾਰਚ ਦੌਰਾਨ ਉਹ ਮੂਕ ਦਰਸ਼ਕ ਬਣੇ ਰਹੇ। ਡੀਐਸਪੀ ਅਸ਼ੋਕ ਕੁਮਾਰ ਗੁਰਦੁਆਰਾ ਦੁਖ ਨਿਵਾਰਨ ਤੋਂ ਲੈ ਕੇ ਸ੍ਰੀ ਕਾਲੀ ਦੇਵੀ ਮੰਦਰ ਤੱਕ ਹਰ ਥਾਂ ਹਾਜ਼ਰ ਸਨ। ਕਾਲੀ ਮਾਤਾ ਮੰਦਰ ਨੇੜੇ ਥਾਣਿਆਂ ਦੇ ਐਸਐਚਓ ਬਿਕਰਮਜੀਤ ਬਰਾੜ ਤੇ ਐਸਐਚਓ ਗੁਰਪ੍ਰੀਤ ਸਿੰਘ ਦੋਵੇਂ ਹੀ ਪੱਕੇ ਤੌਰ 'ਤੇ ਤਾਇਨਾਤ ਸਨ ਪਰ ਸਥਿਤੀ ਨੂੰ ਸੰਭਾਲ ਨਹੀਂ ਸਕੇ।


ਇਸ ਰਿਪੋਰਟ ਮਗਰੋਂ ਠੋਸ ਸੂਚਨਾ ਮਿਲਣ ਦੇ ਬਾਵਜੂਦ ਟਕਰਾਅ ਨੂੰ ਰੋਕਣ 'ਚ ਨਾਕਾਮ ਰਹਿਣ ਕਾਰਨ ਆਈਜੀ ਰਾਜੇਸ਼ ਅਗਰਵਾਲ, ਐਸਐਸਪੀ ਡਾ. ਨਾਨਕ ਸਿੰਘ, ਐਸਪੀ ਸਿਟੀ ਹਰਪਾਲ ਸਿੰਘ, ਡੀਐਸਪੀ ਸਿਟੀ ਜੰਗਲਾਤ ਅਸ਼ੋਕ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਥਾਣਾ ਲਾਹੌਰੀ ਗੇਟ ਤੇ ਕੋਤਵਾਲੀ ਦੇ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।


ਉਧਰ, ਪੰਜਾਬ ਪੁਲਿਸ ਦੇ ਸਾਈਬਰ ਵਿੰਗ ਤੇ ਇੰਟੈਲੀਜੈਂਸ ਨੇ ਫੋਟੋਆਂ ਤੇ ਵੀਡੀਓਜ਼ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੂੰ ਲਗਪਗ 43 ਵੀਡੀਓਜ਼ ਪ੍ਰਾਪਤ ਹੋਈਆਂ ਹਨ। ਫੋਟੋਆਂ ਤੇ ਵੀਡੀਓਜ਼ ਨੂੰ ਇਕੱਠਾ ਕਰਕੇ ਜਾਂਚ ਦੀ ਜ਼ਿੰਮੇਵਾਰੀ ਏਆਈਜੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਪੁਲਿਸ ਦੀ ਮੁੱਢਲੀ ਜਾਂਚ 'ਚ ਹਿੰਸਕ ਟਕਰਾਅ ਵਿੱਚ 32 ਸਿੱਖ ਤੇ 8 ਹਿੰਦੂ ਜਥੇਬੰਦੀਆਂ ਦੇ ਆਗੂਆਂ ਦੀ ਭੂਮਿਕਾ ਸਾਹਮਣੇ ਆਈ ਹੈ। ਇੰਟੈਲੀਜੈਂਸ ਨੇ ਮੁੱਖ ਮੰਤਰੀ ਤੇ ਡੀਜੀਪੀ ਦਫ਼ਤਰ ਨੂੰ ਦਿੱਤੀ ਰਿਪੋਰਟ 'ਚ ਕਿਹਾ ਹੈ ਕਿ ਜਦੋਂ ਟਕਰਾਅ ਸ਼ੁਰੂ ਹੋਇਆ ਤਾਂ ਵੀ ਪੁਲਿਸ ਮੂਕ ਦਰਸ਼ਕ ਬਣੀ ਰਹੀ।


ਸੀਐਮ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ 24 ਘੰਟਿਆਂ 'ਚ ਵੱਡੇ ਮਾਮਲਿਆਂ ਦੀ ਰਿਪੋਰਟ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ ਐਸਪੀ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਪਟਿਆਲਾ ਦੇ ਆਈਜੀ, ਐਸਐਸਪੀ, ਐਸਪੀ ਦੇ ਤਬਾਦਲੇ ਨਾਲ ਵਿਭਾਗੀ ਜਾਂਚ ਹੋਵੇਗੀ।


ਇਹ ਵੀ ਪੜ੍ਹੋ: Punjab Power Cuts: ਪੰਜਾਬ 'ਚ ਬਿਜਲੀ ਕੱਟਾਂ ਤੋਂ ਮਿਲੇਗੀ ਰਾਹਤ, ਬਿਜਲੀ ਮੰਤਰੀ ਨੇ ਦੱਸੀ ਅਗਲੀ ਪਲਾਨਿੰਗ