ਚੰਡੀਗੜ੍ਹ: ਪੰਜਾਬ ਦੀਆਂ 8 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਜਿਨਾਂ ਬਾਰੇ ਤਸਵੀਰ ਦੁਪਹਿਰ ਤੱਕ ਸਾਫ ਹੋ ਜਾਏਗੀ। ਅਹਿਮ ਖਬਰ ਹੈ ਕਿ ਮੁਹਾਲੀ ਨਗਰ ਨਿਗਮ ਦੇ ਨਤੀਜੇ ਅੱਜ ਨਹੀਂ ਆਉਣਗੇ। ਮੁਹਾਲੀ ਵਿੱਚ ਵੋਟਾਂ ਦੀ ਗਿਣਤੀ 18 ਫਰਵਰੀ ਨੂੰ ਹੋਏਗੀ।
ਦਰਅਸਲ ਮੁਹਾਲੀ ਦੇ ਦੋ ਬੂਥਾਂ ’ਤੇ ਅੱਜ ਮੁੜ ਤੋਂ ਪੋਲਿੰਗ ਹੋ ਰਹੀ ਹੈ। ਗੜਬੜੀ ਦੀਆਂ ਰਿਪੋਰਟਾਂ ਮਗਰੋਂ ਚੋਣ ਕਮਿਸ਼ਨ ਨੇ ਐਸਏਐਸ ਨਗਰ (ਮੁਹਾਲੀ) ਨਿਗਮ ਦੇ ਵਾਰਡ ਨਾਲ 10 ਦੇ ਬੂਥ ਨੰਬਰ 32 ਤੇ 33 ’ਚ ਦੁਬਾਰਾ ਵੋਟਾਂ ਕਰਵਾਉਣ ਦਾ ਹੁਕਮ ਦਿੱਤੇ ਸੀ। ਇਸ ਲਈ ਮੁਹਾਲੀ ਨਗਰ ਨਿਗਮ ਲਈ ਪਈਆਂ ਵੋਟਾਂ ਦੀ ਗਿਣਤੀ 18 ਫਰਵਰੀ ਨੂੰ ਹੋਵੇਗੀ।
ਇਨ੍ਹਾਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋਈ ਸੀ। ਨਿਗਮਾਂ ਤੇ ਕੌਂਸਲਾਂ ਦੇ ਕੁੱਲ 2330 ਵਾਰਡਾਂ ’ਚ ਵੋਟਾਂ ਪਈਆਂ ਸਨ। ਇਨ੍ਹਾਂ ਸ਼ਹਿਰੀ ਚੋਣਾਂ ਦੌਰਾਨ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006, ਬਹੁਜਨ ਸਮਾਜ ਪਾਰਟੀ ਨੇ 106, ਸੀਪੀਆਈ ਨੇ 2 ਤੇ 2832 ਆਜ਼ਾਦ ਉਮੀਦਵਾਰਾਂ ਸਮੇਤ ਹੋਰ ਪਾਰਟੀਆਂ ਨੇ ਵੀ ਕੁਝ ਥਾਵਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ।
ਇਨ੍ਹਾਂ ਚੋਣਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰ ਕਰਨ ਦੇ ਮਕਸਦ ਵਜੋਂ ਵੱਕਾਰ ਦਾ ਸਵਾਲ ਵੀ ਬਣਾਇਆ ਹੋਇਆ ਹੈ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਸੰਸਥਾਵਾਂ ਦੀ ਮਿਆਦ ਤਾਂ ਲੰਘੇ ਸਾਲ ਹੀ ਖ਼ਤਮ ਹੋ ਗਈ ਸੀ ਪਰ ਸਾਲ 2020 ਦੌਰਾਨ ਕਰੋਨਾ ਮਹਾਮਾਰੀ ਦੇ ਚੱਲਦਿਆਂ ਵੋਟਾਂ ਪਵਾਉਣ ਦਾ ਫ਼ੈਸਲਾ ਨਹੀਂ ਸੀ ਲਿਆ ਗਿਆ।