ਰਮਨਦੀਪ ਕੌਰ ਦੀ ਰਿਪੋਰਟ


ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਸਿਆਸੀ ਸਮੀਕਰਨ ਵੀ ਬਦਲੇ ਹੋਏ ਹਨ। ਇਸ ਮਾਹੌਲ ਦੌਰਾਨ ਹੀ ਪੰਜਾਬ 'ਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਬੀਜੇਪੀ ਲਈ ਹੋਰ ਵੀ ਖਾਸ ਮਾਇਨੇ ਰੱਖਦੀਆਂ ਹਨ। ਕਿਉਂਕਿ ਇਨ੍ਹਾਂ ਚੋਣਾਂ 'ਚ ਚੁਣੌਤੀਆਂ ਨਾਲ ਨਜਿੱਠ ਕੇ ਬੀਜੇਪੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਰਾਹ ਪੱਧਰਾ ਕਰਨਾ ਚਾਹੁੰਦੀ ਹੈ।


ਬੀਜੇਪੀ ਲਈ ਹਾਲਾਤ ਸੁਖਾਂਵੇ ਨਹੀਂ ਕਿਉਂਕਿ ਖੇਤੀ ਕਾਨੂੰਨਾਂ ਕਾਰਨ ਚੱਲ ਰਹੇ ਵਿਰੋਧ ਦਾ ਅਸਰ ਬੀਜੇਪੀ 'ਤੇ ਸਾਫ ਦਿਖਾਈ ਦੇ ਰਿਹਾ ਹੈ। ਪੰਜਾਬ 'ਚ ਵੱਡੇ ਪੱਧਰ 'ਤੇ ਬੀਜੇਪੀ ਲੀਡਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਨਗਰ ਕੌਂਸਲ ਚੋਣਾਂ ਲਈ ਪ੍ਰਚਾਰ ਕਰ ਰਹੇ ਲੀਡਰਾਂ ਨੂੰ ਆਏ ਦਿਨ ਕਿਸਾਨਾਂ ਦੇ ਰੋਸ ਪ੍ਰਦਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ।


ਪੰਜਾਬ 'ਚ ਬੀਜੇਪੀ ਲੀਡਰਾਂ ਨੂੰ ਚੋਣ ਜਿਤਾਉਣ ਲਈ ਬੀਜੇਪੀ ਦੇ ਕਈ ਲੀਡਰ ਪੰਜਾਬ ਪਹੁੰਚੇ ਹਨ। 14 ਫਰਵਰੀ ਨੂੰ ਪੰਜਾਬ 'ਚ ਨਗਰ ਕੌਂਸਲ ਚੋਣਾਂ ਹੋਣੀਆਂ ਹਨ ਜਿਨ੍ਹਾਂ 'ਚ ਜਿੱਤ ਦਰਜ ਕਰਨ ਲਈ ਬੀਜੇਪੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਪਰ ਸਥਿਤੀ ਔਖੀ ਬਣੀ ਹੋਈ ਹੈ।


ਮੌਜੂਦਾ ਹਾਲਾਤ ਦੇਖਦਿਆਂ ਪੰਜਾਬ 'ਚ ਨਗਰ ਨਿਗਮ ਚੋਣਾਂ ਬੀਜੇਪੀ ਲਈ ਜਿੱਥੇ ਚੁਣੌਤੀ ਭਰਪੂਰ ਹਨ ਉੱਥੇ ਹੀ ਸਿਆਸੀ ਪੱਖ ਤੋਂ ਕਾਫੀ ਅਹਿਮ ਸਾਬਤ ਹੋਣਗੀਆਂ। ਇਸੇ ਲਈ ਚੋਣਾਂ ਜਿਤਾਉਣ ਦੀ ਜ਼ਿੰਮੇਵਾਰੀ ਦੇਕੇ ਦਿੱਲੀ ਤੋਂ ਬੀਜੇਪੀ ਲੀਡਰਾਂ ਨੂੰ ਪੰਜਾਬ ਭੇਜਿਆ ਗਿਆ ਹੈ। ਇਨ੍ਹਾਂ ਲੀਡਰਾਂ ਦੇ ਨਾਲ ਪੰਜ-ਪੰਜ ਵਰਕਰਾਂ ਦੀ ਟੀਮ ਦਿੱਲੀ ਤੋਂ ਆਈ ਹੈ।


ਇਨ੍ਹਾਂ ਲੀਡਰਾਂ ਮੁਤਾਬਕ ਬੀਜੇਪੀ ਉਮੀਦਵਾਰਾਂ ਤੇ ਸਮਰਥਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੀਜੇਪੀ ਲੀਡਰਾਂ 'ਤੇ ਹਮਲੇ ਹੋ ਰਹੇ ਹਨ ਪਰ ਪੁਲਿਸ ਤੇ ਪ੍ਰਸ਼ਾਸਨ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ। ਪਰ ਉਮੀਦਵਾਰਾਂ ਦਾ ਉਤਸ਼ਾਹ ਘੱਟ ਨਹੀਂ ਹੋਵੇਗਾ ਤੇ ਪਾਰਟੀ ਜਿੱਤ ਦਰਜ ਕਰੇਗੀ।