ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਕੈਬਨਿਟ ਤਿਆਰ ਹੋ ਗਈ ਹੈ। 10 ਕੈਬਨਿਟ ਮੰਤਰੀਆਂ ਨੇ ਅੱਜ ਰਾਜ ਭਵਨ ਵਿੱਚ ਸਹੁੰ ਚੁੱਕੀ ਹੈ।ਹੁਣ ਮੁੱਖ ਮੰਤਰੀ ਭਗਵੰਤ ਮਾਨ ਸਣੇ 10 ਕੈਬਨਿਟ ਮੰਤਰੀ ਪਹਿਲੀ ਕੈਬਨਿਟ ਮੀਟਿੰਗ ਲਈ ਪਹੁੰਚ ਰਹੇ ਹਨ।ਕੁੱਝ ਹੀ ਦੇਰ 'ਚ ਮਾਨ ਮੰਤਰੀ ਮੰਡਲ ਦੀ ਪਹਿਲੀ ਬੈਠਕ ਸ਼ੁਰੂ ਹੋ ਜਾਏਗੀ।ਇਸ ਦੌਰਾਨ ਕਿਆਸ ਅਰਾਈਆਂ ਹਨ ਕਿ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।


ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਹਰਾ ਪੈਨ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਚੱਲੇਗਾ।ਇਸ ਲਈ ਹੋ ਸਕਦਾ ਹੈ ਕਿ ਸਰਕਾਰੀ ਨੌਕਰੀਆਂ ਨੂੰ ਲੈ ਕੇ ਕੋਈ ਵੱਡਾ ਐਲਾਨ ਕੀਤਾ ਜਾਵੇ। ਉਧਰ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਵੀ ਹਨ ਕਿ ਆਖਰ ਕਿਸ ਮੰਤਰੀ ਨੂੰ ਕਹਿੜਾ ਮਹਿਕਮਾ ਦਿੱਤਾ ਜਾਂਦਾ ਹੈ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ "ਜੋ ਵੀ ਮਹਿਕਮਾ ਮਿਲੇਗਾ ਤਨਦੇਹੀ ਨਾਲ ਕੰਮ ਕਰਾਂਗੇ।
ਲੋਕਾਂ ਨਾਲ ਜੁੜੇ ਹਰ ਕੰਮ ਕੀਤੇ ਜਾਣਗੇ।"


ਸਹੁੰ ਚੁੱਕ ਸਮਾਗਮ 'ਚ ਪੰਜਾਬ ਦੇ ਰਾਜਪਾਲ ਦੇ ਨਾਲ ਹਰਿਆਣਾ ਦੇ ਰਾਜਪਾਲ ਵੀ ਪਹੁੰਚੇ ਸੀ।ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਤਮਾਮ ਵਿਧਾਇਕਾਂ ਤੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਪਹੁੰਚੇ।


ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ, ਡਾ ਬਲਜੀਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ETO, ਲਾਲਜੀਤ ਸਿੰਘ ਭੁੱਲਰ, ਡਾ ਵਿਜੈ ਸਿੰਗਲਾ, ਬ੍ਰਹਮ ਸ਼ੰਕਰ ਜਿੰਪਾ, ਲਾਲ ਚੰਦ ਕਟਾਰੂਚੱਕ ਅਤੇ ਹਰਜੋਤ ਸਿੰਘ ਬੈਂਸ ਨੇ ਅੱਜ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।


ਹਰਪਾਲ ਚੀਮਾ ਨੇ ਚੁੱਕੀ ਸਹੁੰ।48 ਸਾਲਾ ਹਰਪਾਲ ਚੀਮਾ ਦਿੜਬਾ ਤੋਂ ਵਿਧਾਇਕ ਹਨ।ਹਰਪਾਲ ਚੀਮਾ ਪੇਸ਼ੇ ਤੋਂ ਵਕੀਲ ਹਨ।ਇਸ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਵਿੱਚ ਚੀਮਾ LOP ਵੀ ਰਹਿ ਚੁੱਕੇ ਹਨ।ਹਰਪਾਲ ਚੀਮਾ ਨੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਨੂੰ 50329 ਵੋਟਾਂ ਨਾਲ ਹਰਾਇਆ ਹੈ।ਹਰਪਾਲ ਚੀਮਾ ਦੂਜੀ ਵਾਰ ਦਿੜਬਾ ਤੋਂ ਜਿੱਤੇ ਹਨ। 2017 ‘ਚ ਹਰਪਾਲ ਚੀਮਾ ਨੇ AAP ਜੁਆਇਨ ਕੀਤੀ ਸੀ। 2018 ‘ਚ ਸੁਖਪਾਲ ਖਹਿਰਾ ਤੋਂ ਬਾਅਦ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਸੀ। 


ਡਾ. ਬਲਜੀਤ ਕੌਰ ਨੇ ਚੁੱਕੀ ਸਹੁੰ।46 ਸਾਲਾ ਡਾ. ਬਲਜੀਤ ਮਲੋਟ ਤੋਂ ਵਿਧਾਇਕ ਹਨ ਅਤੇ ਪੇਸ਼ੇ ਤੋਂ ਔਪਥਮੋਲਿਜਸਟ ਡਾਕਟਰ ਹਨ।ਬਲਜੀਤ ਕੌਰ ਨੇ SAD ਦੇ ਹਰਪ੍ਰੀਤ ਸਿੰਘ ਨੂੰ 39722 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬਲਜੀਤ  ਕੌਰ ਫਰੀਦਕੋਟ ਤੋਂ ਸਾਬਕਾ MP ਪ੍ਰੋ ਸਾਧੂ ਸਿੰਘ ਦੀ ਬੇਟੀ ਹੈ।ਡਾ. ਬਲਜੀਤ ਕੌਰ ਔਪਥਮੋਲਿਜਸਟ (ਅੱਖਾਂ ਦੇ ਡਾਕਟਰ ) ਹਨ।  


ਹਰਭਜਨ ਸਿੰਘ ETO ਨੇ ਚੁੱਕੀ ਸਹੁੰ। 53 ਸਾਲਾ ਹਰਭਜਨ ਸਿੰਘ ਜੰਡਿਆਲਾ ਤੋਂ ਵਿਧਾਇਕ ਹਨ।ਪੜਾਈ ਦੀ ਗੱਲ ਕਰੀਏ ਤਾਂ ਮਾਸਟਰਜ਼ ਇਨ ਪੋਲੀਟਿਕਲ ਸਾਇਸ ਕਰ ਚੁੱਕੇ ਹਨ। ਹਰਭਜਨ ਸਿੰਘ ETO ਨੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਵਡਾਲਾ ਨੂੰ 25383 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਹਰਭਜਨ ਸਿੰਘ 2012 ‘ਚ PCS ਪਾਸ ਕਰਕੇ ETO ਬਣੇ ਸਨ। ਹਰਭਜਨ ਸਿੰਘ ਨੇ 2017 ‘ਚ ਸਵੈ ਇੱਛਾ ਦੇ ਨਾਲ ਰਿਟਾਇਰਮੈਂਟ ਲਈ ਸੀ।  2017 ‘ਚ ਹਰਭਜਨ ਸਿੰਘ ਡੈਨੀ ਵਡਾਲਾ ਤੋਂ ਹਾਰ ਗਏ ਸਨ।