ਚੰਡੀਗੜ੍ਹ: ਸੁਖਜਿੰਦਰ ਸਿੰਘ ਰੰਧਾਵਾ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਮੁੱਖ ਮੰਤਰੀ ਬਾਰੇ ਹਾਈਕਮਾਨ ਨੇ ਫੈਸਲਾ ਕਰਨਾ ਹੈ ਇਸ ਤੇ ਹਾਈਕਮਾਨ ਮੰਥਨ ਕਰ ਰਹੀ ਹੈ।ਸੂਤਰਾਂ ਮੁਤਾਬਕ ਉਨ੍ਹਾਂ ਨੇ ਰਾਜਪਾਲ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਰੰਧਾਵਾ ਨੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਫੈਸਲੇ ਨੂੰ 2-3 ਘੰਟੇ ਲੱਗ ਸਕਦੇ ਹਨ। ਇਸ ਦੇ ਨਾਲ ਹੀ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜ ਗਏ ਹਨ। ਇਸ ਸਭ ਤੋਂ ਸਪਸ਼ਟ ਹੈ ਕਿ ਕਾਂਗਰਸ ਦੀ ਨਵੀਂ ਟੀਮ ਮੋਰਚਾ ਸੰਭਾਲਣ ਲਈ ਤਿਆਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੰਧਾਵਾ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਸਕਦੇ ਹਨ।
ਪਰ ਅਜੇ ਕੋਈ ਵੀ ਰਸਮੀ ਐਲਾਨ ਨਹੀਂ ਹੋਇਆ ਹੈ।ਰੰਧਾਵਾ ਦਾ ਨਾਮ ਤੈਅ ਮੰਨਿਆ ਜਾ ਰਿਹਾ ਹੈ ਪਰ ਐਲਾਨ 'ਚ ਦੇਰੀ ਹੋ ਰਹੀ ਹੈ।
ਸੁਖਜਿੰਦਰ ਰੰਧਾਵਾ ਦੇ ਸਿਆਸੀ ਸਫਰ ਬਾਰੇ ਕੁਝ ਅਹਿਮ ਤੱਥ
-ਸੁਖਜਿੰਦਰ ਰੰਧਾਵਾ ਦਾ ਪਰਿਵਾਰ ਕਾਂਗਰਸ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ।
-ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੀ।
-ਉਹ ਪੰਜਾਬ ਰਾਜ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਤੇ ਜਰਨਲ ਸਕੱਤਰ ਵੀ ਰਹਿ ਚੁੱਕੇ ਹਨ।
-2017 'ਚ ਉਹ ਡੇਰਾ ਬਾਬਾ ਨਾਨਕ ਹਲਕੇ ਤੋਂ ਦੂਜੀ ਵਾਰ MLA ਬਣੇ।
-ਇਸ ਸਾਲ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮਿਲਕੇ ਆਪਣੀ ਹੀ ਸਰਕਾਰ ਖਿਲਾਫ ਝੰਡਾ ਚੁੱਕਿਆ ਸੀ ਤੇ ਕੈਪਟਨ ਨੂੰ ਘੇਰਿਆ ਸੀ।
ਸੁਖਜਿੰਦਰ ਸਿੰਘ ਰੰਧਾਵਾ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੰਤੋਖ ਸਿੰਘ ਹੈ ਜਿਨ੍ਹਾਂ ਨੇ ਦੋ ਵਾਰ ਪੰਜਾਬ ਕਾਂਗਰਸ ਦੇ ਮੁਖੀ ਵਜੋਂ ਸੇਵਾ ਨਿਭਾਈ ਤੇ ਆਪਣੇ ਸਮੇਂ ਦੇ ਸਭ ਤੋਂ ਸੀਨੀਅਰ ਕਾਂਗਰਸੀਆਂ ਵਿੱਚੋਂ ਇੱਕ ਸਨ।
ਰੰਧਾਵਾ ਨੇ ਪਹਿਲੀ ਵਾਰ 2002 ਵਿੱਚ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਨਿਰਮਲ ਸਿੰਘ ਕਾਹਲੋਂ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਲਈ ਸਫਲਤਾਪੂਰਵਕ ਚੋਣ ਲੜੀ। 2012 ਵਿੱਚ, ਉਹ ਨਵੇਂ ਹਲਕੇ ਡੇਰਾ ਬਾਬਾ ਨਾਨਕ ਤੋਂ ਚੁਣੇ ਗਏ ਸਨ।
ਉਹ ਉਨ੍ਹਾਂ 42 ਕਾਂਗਰਸੀ ਵਿਧਾਇਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਰਤ ਦੇ ਸੁਪਰੀਮ ਕੋਰਟ ਦੇ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਜਲ ਨਹਿਰ ਨੂੰ ਗੈਰ ਸੰਵਿਧਾਨਕ ਤੌਰ ਤੇ ਖਤਮ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਆਪਣਾ ਅਸਤੀਫਾ ਸੌਂਪ ਦਿੱਤਾ ਸੀ।