ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਬਾਰੇ ਹਾਈਕਮਾਨ ਨੇ ਫੈਸਲਾ ਕਰ ਲਿਆ ਹੈ। ਜਲਦੀ ਹੀ ਇਸ ਦਾ ਐਲਾਨ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ। ਬੇਸ਼ੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਰੰਧਾਵਾ ਦੇ ਨਾਂ 'ਤੇ ਲੱਗਪਗ ਸਹਿਮਤੀ ਬਣ ਗਈ ਹੈ। ਹੁਣ ਸੋਨੀਆ ਗਾਂਧੀ ਇਸ ਬਾਰੇ ਅੰਤਮ ਫੈਸਲਾ ਲਵੇਗੀ।
ਦਰਅਸਲ ਕਾਂਗਰਸ ਵਿਧਾਇਕ ਦਲ ਦਾ ਲੀਡਰ ਚੁਣਨ ਲਈ ਕੱਲ CLP ਮੀਟਿੰਗ ਮਗਰੋਂ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ ਸੀ। ਜਿਸ ਮਗਰੋਂ ਸਾਰੇ ਹਾਈਕਮਾਨ ਦੇ ਫੈਸਲੇ ਦੀ ਉਡੀਕ ਕਰ ਰਹੇ ਸੀ।
ਪੰਜਾਬ ਵਿੱਚ ਕੱਲ੍ਹ ਸ਼ਾਮ ਕਰੀਬ ਸਾਢੇ ਚਾਰ ਵਜੇ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ। ਜਿਸ ਮਗਰੋਂ ਕਾਂਗਰਸ ਪਾਰਟੀ ਵਿੱਚ ਕਸ਼ਮਕਸ਼ ਸੀ ਕਿ ਅਗਲੇ ਮੁੱਖ ਮੰਤਰੀ ਕੌਣ ਹੋਏਗਾ।ਇਸ ਦੌੜ ਵਿੱਚ ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅਗੇ ਸੀ ਪਰ ਬੀਤੀ ਰਾਤ ਜਾਖੜ ਦੇ ਨਾਮ ਤੇ ਪੇਚ ਫੱਸ ਗਿਆ ਸੀ।
ਜਿਸ ਮਗਰੋਂ ਐਤਵਾਰ ਯਾਨੀ ਅੱਜ 11 ਵਜੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਸੀ।ਇਸ ਮੀਟਿੰਗ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣਾ ਸੀ ਪਰ ਐਨ ਮੌਕੇ ਤੇ ਇਹ ਮੀਟਿੰਗ ਰੱਦ ਕਰ ਦਿੱਤੀ ਗਈ।
ਦੱਸ ਦੇਈਏ ਕਿ ਸੀਨੀਅਰ ਕਾਂਗਰਸੀ ਲੀਡਰ ਅੰਬਿਕਾ ਸੋਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਹਾਈਕਮਾਨ ਦਾ ਇਹ ਆਫਰ ਠੁਕਰਾ ਦਿੱਤਾ। ਮੀਡੀਆ ਰਿਪੋਰਟਾਂ ਬਾਰੇ ਅੰਬਿਕਾ ਸੋਨੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਦਾ ਮੁੱਖ ਮੰਤਰੀ ਨੂੰ ਸਿੱਖ ਹੋਣਾ ਚਾਹੀਦਾ ਹੈ।
ਕੈਪਟਨ ਨੇ ਰਾਜਪਾਲ ਬਨਵਾਰੀਲਾਲ ਪਰੋਹਿੱਤ ਨੂੰ ਅਸਤੀਫ਼ਾ ਦੇਣ ਮਗਰੋਂ ਕਿਹਾ ਕਿ "ਉਹ ਅਪਮਾਣ ਮਹਿਸੂਸ ਕਰ ਰਹੇ ਹਨ।" ਉਨ੍ਹਾਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਕਿਸੇ ਨੂੰ ਵੀ ਮੁੱਖ ਮੰਤਰੀ ਚੁਣ ਸਕਦੇ ਹਨ। ਕਿਸੇ ਹੋਰ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰਨ ਦੇ ਸਵਾਲ ਉੱਪਰ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸਵੀਕਾਰ ਨਹੀਂ ਕਰਨਗੇ।
ਭਵਿੱਖ ਦੀ ਰਾਜਨੀਤੀ ਬਾਰੇ ਕੈਪਟਨ ਨੇ ਕਿਹਾ ਕਿ, "ਉਹ ਭਵਿੱਖ ਦੀ ਰਾਜਨੀਤੀ ਬਾਰੇ ਆਪਣੇ ਸਾਥੀਆਂ ਨਾਲ ਗੱਲ ਕਰਨ ਮਗਰੋਂ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਅਜੇ ਉਹ ਕਾਂਗਰਸ ਵਿੱਚ ਹਨ ਤੇ ਆਪਣੇ ਸਾਥੀਆਂ ਤੇ ਸਮਰਥਕਾਂ ਨਾਲ ਗੱਲ ਕਰਨਗੇ।
"