ਨਵੀਂ ਦਿੱਲੀ: ਪੰਜਾਬ ਵਿੱਚ ਸਿਆਸੀ ਉਥਲ-ਪੁਥਲ ਤੋਂ ਬਾਅਦ ਆਖਰਕਾਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ। ਪੰਜਾਬ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਤੋਂ ਲੈ ਕੇ ਕਈ ਮੁੱਦਿਆਂ 'ਤੇ ਨਵਜੋਤ ਸਿੱਧੂ ਤੋਂ ਨਾਰਾਜ਼ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ 'ਤੇ ਤਿੱਖਾ ਬਿਆਨੀ ਹਮਲਾ ਕੀਤਾ।

ਅਸਤੀਫ਼ਾ ਦੇਣ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਨੂੰ ‘ਆਈ ਐਮ ਸੌਰੀ ਅਮਰਿੰਦਰ’ (ਮੈਨੂੰ ਮਾਫ ਕਰਨਾ ਅਮਰਿੰਦਰ) ਕਿਹਾ ਸੀ।

 

ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਸਵੇਰੇ ਕਾਲ ਕੀਤੀ ਸੀ। ਮੈਂ ਉਸ ਸਮੇਂ ਉੱਥੇ ਨਹੀਂ ਸੀ। ਜਦੋਂ ਮੈਂ ਵਾਪਸ ਆਇਆ, ਮੈਂ ਆਪਣੇ ਫੋਨ ’ਤੇ ਸੋਨੀਆ ਗਾਂਧੀ ਦੀ ਮਿਸਡ ਕਾਲ ਵੇਖੀ। ਜਦੋਂ ਮੈਂ ਉਨ੍ਹਾਂ ਨੂੰ ਕਾਲ ਕੀਤੀ, ਤਾਂ ਉਨ੍ਹਾਂ ਨੇ ਫੋਨ ਚੁੱਕਿਆ। ਮੈਂ ਉਨ੍ਹਾਂ ਨੂੰ ਪੁੱਛਿਆ 'ਮੈਮ ਇਹ ਸੀਐਲਪੀ ਦਾ ਕੀ ਹੋ ਰਿਹਾ ਹੈ। ਮੈਨੂੰ ਲੱਗ ਰਿਹਾ ਹੈ ਕਿ ਮੇਰੇ ਲਈ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਸਹੀ ਹੋਵੇਗਾ।’’

 

ਇਸ ਦੇ ਜਵਾਬ ਵਿੱਚ ਸੋਨੀਆ ਗਾਂਧੀ ਨੇ ਕਿਹਾ, ਠੀਕ ਹੈ, ਤੁਸੀਂ ਅਸਤੀਫਾ ਦੇ ਸਕਦੇ ਹੋ। ਉਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੌਰੀ ਅਮਰਿੰਦਰ। ਇਸ ਦੇ ਜਵਾਬ ਵਿੱਚ ਮੈਂ ਉਨ੍ਹਾਂ ਨੂੰ ਕਿਹਾ, ਦੈਟਸ ਫ਼ਾਈਨ, ਦੈਟਸ ਓਕੇ (ਚਲੋ ਠੀਕ ਹੈ)।





 

ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਵਰ੍ਹੇ ਸਿੱਧੂ 'ਤੇ

 

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ 'ਤੇ ਵਰ੍ਹੇ। ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸਿੱਧੂ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ, ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਇਸ ਦੇ ਫੌਜ ਮੁਖੀ ਜਨਰਲ ਬਾਜਵਾ ਦੇ ਦੋਸਤ ਹਨ। ਜੇ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨਦੀ ਹੈ ਤਾਂ ਮੈਂ ਇਸਦਾ ਵਿਰੋਧ ਕਰਾਂਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਗਲਤ ਆਦਮੀ ਹਨ ਅਤੇ ਮੈਂ ਪਾਰਟੀ ਹਾਈਕਮਾਂਡ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਪਾਰਟੀ ਨੂੰ ਬਰਬਾਦ ਕਰ ਦੇਣਗੇ।