ਚੰਡੀਗੜ੍ਹ: 1966 ’ਚ ਪੰਜਾਬ ਇੱਕ ਵੱਖਰਾ ਸੂਬਾ ਬਣਨ ਤੋਂ ਲੈ ਕੇ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ 11ਵੇਂ ਅਜਿਹੇ ਮੁੱਖ ਮੰਤਰੀ ਹਨ, ਜੋ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਮੁਕੰਮਲ ਕਰਨ ਤੋਂ ਨਾਕਾਮ ਰਹੇ ਹਨ। ਕਾਂਗਰਸ ਦੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ 1 ਨਵੰਬਰ 1966 ਤੋਂ 8 ਮਾਰਚ 1967 ਤੱਕ 127 ਦਿਨਾਂ ਤੱਕ ਹੀ ਮੁੱਖ ਮੰਤਰੀ ਰਹੇ ਸਨ।
ਉਨ੍ਹਾਂ ਦੇ ਉੱਤਰਾਧਿਕਾਰੀ ਅਕਾਲੀ ਦਲ-ਸੰਤ ਫਤਿਹ ਸਿੰਘ ਧੜੇ ਦੇ ਗੁਰਨਾਮ ਸਿੰਘ 262 ਦਿਨਾਂ ਤੱਕ ਮੁੱਖ ਮੰਤਰੀ ਰਹੇ ਸਨ। ਪੰਜਾਬ ਜਨਤਾ ਪਾਰਟੀ ਦੇ ਅਗਲੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ 272 ਦਿਨਾਂ ਤੱਕ ਆਪਣੇ ਅਹੁਦੇ ’ਤੇ ਰਹੇ ਸਨ। ਉਨ੍ਹਾਂ ਦੇ ਅਸਤੀਫੇ ਕਾਰਨ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸੀ।
ਗੁਰਨਾਮ ਸਿੰਘ 17 ਫਰਵਰੀ, 1969 ਨੂੰ ਮੁੱਖ ਮੰਤਰੀ ਵਜੋਂ ਪਰਤੇ ਤੇ ਇੱਕ ਸਾਲ 38 ਦਿਨਾਂ ਤੱਕ ਉੱਚ ਅਹੁਦੇ 'ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਕਾਰਨ ਉਨ੍ਹਾਂ ਨੂੰ 27 ਮਾਰਚ 1970 ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ। ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਤੋਂ ਅਹੁਦਾ ਸੰਭਾਲਿਆ, ਪਰ ਉਹ ਸਿਰਫ ਇੱਕ ਸਾਲ ਤੇ 79 ਦਿਨਾਂ ਤੱਕ ਮੁੱਖ ਮੰਤਰੀ ਰਹਿ ਸਕੇ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਰਾਜ 277 ਦਿਨਾਂ ਤੱਕ ਚੱਲਿਆ।
ਅਗਲੇ ਮੁੱਖ ਮੰਤਰੀ, ਕਾਂਗਰਸ ਦੇ ਗਿਆਨੀ ਜ਼ੈਲ ਸਿੰਘ, ਜੋ ਬਾਅਦ ਵਿੱਚ ਰਾਸ਼ਟਰਪਤੀ ਬਣੇ, ਪੂਰੇ ਕਾਰਜਕਾਲ ਲਈ ਚੱਲੇ, ਪਰ ਉਨ੍ਹਾਂ ਦੇ ਉੱਤਰਾਧਿਕਾਰੀ ਪ੍ਰਕਾਸ਼ ਸਿੰਘ ਬਾਦਲ ਦੋ ਸਾਲ ਅਤੇ 242 ਦਿਨ ਇਸ ਅਹੁਦੇ 'ਤੇ ਕਾਇਮ ਰਹੇ ਸਨ। ਪੰਜਾਬ ਦੁਬਾਰਾ 110 ਦਿਨਾਂ ਲਈ ਰਾਸ਼ਟਰਪਤੀ ਰਾਜ ਦੇ ਅਧੀਨ ਆਇਆ, ਜਿਸ ਤੋਂ ਬਾਅਦ ਕਾਂਗਰਸ ਦੇ ਸੀਐਮ ਦਰਬਾਰਾ ਸਿੰਘ ਤਿੰਨ ਸਾਲ ਤੇ 122 ਦਿਨ ਚੱਲੇ। ਇੱਕ ਸਾਲ ਤੇ 358 ਦਿਨਾਂ ਦੇ ਇੱਕ ਹੋਰ ਰਾਸ਼ਟਰਪਤੀ ਰਾਜ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਪਰ ਉਹ ਵੀ ਕੇਵਲ ਇੱਕ ਸਾਲ ਅਤੇ 255 ਦਿਨਾਂ ਤੋਂ ਵੱਧ ਅਹੁਦੇ ਉੱਤੇ ਨਹੀਂ ਰਹਿ ਸਕੇ।
ਕਾਂਗਰਸ ਦੇ ਅਗਲੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਅਤੇ 187 ਦਿਨਾਂ ਤੱਕ ਚੱਲਿਆ। ਉਨ੍ਹਾਂ ਦੇ ਉੱਤਰਾਧਿਕਾਰੀ ਹਰਚਰਨ ਸਿੰਘ ਬਰਾੜ ਇੱਕ ਸਾਲ ਤੇ 82 ਦਿਨਾਂ ਲਈ ਮੁੱਖ ਮੰਤਰੀ ਰਹੇ। ਅਸਤੀਫਾ ਦੇਣ ਤੋਂ ਬਾਅਦ, ਕਾਂਗਰਸ ਦੇ ਰਾਜਿੰਦਰ ਕੌਰ ਭੱਠਲ ਨੇ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ। ਉਹ ਇਸ ਅਹੁਦੇ ਨੂੰ 82 ਦਿਨਾਂ ਤੱਕ ਹੀ ਬਰਕਰਾਰ ਰੱਖ ਸਕੇ ਸਨ।
ਅਗਲੇ ਦੋ ਦਹਾਕਿਆਂ ਤੱਕ ਫਿਰ ਸਥਿਰਤਾ ਰਹੀ। ਪ੍ਰਕਾਸ਼ ਸਿੰਘ ਬਾਦਲ ਨੇ 1997-2002 ਤੇ 2007-17 ਦੇ ਤਿੰਨ ਪੂਰੇ ਕਾਰਜਕਾਲ ਪੂਰੇ ਕੀਤੇ। ਬਾਅਦ ਵਿੱਚ, ਕੈਪਟਨ ਅਮਰਿੰਦਰ ਨੇ ਇੱਕ ਪੂਰਾ ਕਾਰਜਕਾਲ (2002-07) ਵੀ ਪੂਰਾ ਕੀਤਾ। ਕੱਲ੍ਹ ਉਨ੍ਹਾਂ ਦੇ ਅਸਤੀਫੇ ਨਾਲ ਉਨ੍ਹਾਂ ਦਾ ਕਾਰਜਕਾਲ ਚਾਰ ਸਾਲ ਤੇ 185 ਦਿਨਾਂ ਬਾਅਦ ਸਮਾਪਤ ਹੋ ਗਿਆ।