Punjab News: ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 12 ਸਰਕਾਰੀ ਸਕੂਲ ਅਗਲੇ ਦੋ ਦਿਨਾਂ ਲਈ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੀ ਰਿਪੋਰਟ ਮਿਲਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਹੜ੍ਹ ਕਾਰਨ ਇਲਾਕਿਆਂ ਵਿੱਚ ਪਾਣੀ ਭਰਨ ਤੇ ਬੱਚਿਆਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਸੋਮਵਾਰ ਤੇ ਮੰਗਲਵਾਰ ਨੂੰ ਬੰਦ ਰਹਿਣਗੇ ਇਹ ਵਾਲੇ ਸਕੂਲ
ਪੰਜਾਬ ਦੇ ਕੁਝ ਸਕੂਲ ਸੋਮਵਾਰ ਤੇ ਮੰਗਲਵਾਰ ਨੂੰ ਬੰਦ ਰਹਿਣਗੇ। ਇਹਨਾਂ ਵਿੱਚ ਜੀ.ਐੱਚ.ਐੱਸ. ਬਾਊਪੁਰ ਜਦੀਦ, ਜੀ.ਐੱਮ.ਐੱਸ. ਮੰਡ ਇੰਦਰਪੁਰ, ਜੀ.ਐੱਸ.ਐੱਸ. ਚਕੋਕੀ, ਜੀ.ਐੱਮ.ਐੱਸ. ਹੁਸੈਨਪੁਰ, ਸਪ੍ਰਸ ਕੰਮੇਵਾਲ, ਸਪ੍ਰਸ ਆਹਲੀ ਖ਼ੁਰਦ, ਸਪ੍ਰਸ ਬਾਊਪੁਰ, ਸਪ੍ਰਸ ਮੁੱਲਾਕਲਾਂ, ਸਪ੍ਰਸ ਰਣਧੀਰਪੁਰ, ਸਪ੍ਰਸ ਮੰਡ ਸਰਦਾਰ ਸਾਹਿਬ ਵਾਲਾ, ਸਪ੍ਰਸ ਧੱਕੜਾਂ ਅਤੇ ਸਪ੍ਰਸ ਮੁਕਤਰਾਮਵਾਲਾ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ਪ੍ਰਾ.ਸਿ) ਕਪੂਰਥਲਾ ਨੂੰ ਹੇਠਾਂ ਦਿੱਤੇ ਗਏ ਆਦੇਸ਼ ਜਾਰੀ ਕੀਤੇ ਗਏ ਹਨ-
- ਸਰਕਾਰ ਵੱਲੋਂ ਇਸ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਸੁਨਿਸ਼ਿਚਤ ਬਣਾਇਆ ਜਾਵੇ।
- ਇਸ ਸਬੰਧ ਵਿੱਚ ਯਕੀਨੀ ਕੀਤਾ ਜਾਵੇ ਕਿ ਸਕੂਲਾਂ ਵਿੱਚ ਬੱਚਿਆਂ ਦੀ ਸੇਫਟੀ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਅਤੇ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਾ ਵਰਤੀ ਜਾਵੇ।
- ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ਪ੍ਰਾ.ਸਿ) ਕਪੂਰਥਲਾ ਵੱਲੋਂ ਪ੍ਰਾਪਤ ਰਿਪੋਰਟ/ਸਿਫ਼ਾਰਿਸ਼ ਦੇ ਆਧਾਰ 'ਤੇ ਹੀ ਜਾਰੀ ਕੀਤੇ ਜਾਂਦੇ ਹਨ। ਇਸ ਸਬੰਧ ਵਿੱਚ ਉਪਰੋਕਤ ਸਕੂਲਾਂ ਦੀ ਪੂਰੀ ਅਸੈਸਮੈਂਟ ਕਰਵਾਉਣ ਉਪਰੰਤ ਤਾਜ਼ਾ ਸਥਿਤੀ ਨਾਲ ਨਿਮਨਹਸਤਾਖਰ ਨੂੰ ਮਿਤੀ 16-09-2025 ਤੱਕ ਜਾਣੂੰ ਕਰਵਾਇਆ ਜਾਵੇ ਤਾਂ ਜੋ ਸਕੂਲ ਖੋਲਣ ਸਬੰਧੀ ਅਗਲਾ ਫ਼ੈਸਲਾ ਸਰਕਾਰ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਲਿਆ ਜਾ ਸਕੇ। ਇਸ ਦੇ ਨਾਲ ਹੀ ਐਕਸੀਅਨ, ਪੀ. ਡਬਲਿਊ. ਡੀ (ਬੀ. ਐਂਡ. ਆਰ), ਡਿਵੀਜ਼ਨ ਨੰਬਰ 1 ਅਤੇ 2 ਕਪੂਰਥਲਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਕੂਲਾਂ ਦੀ ਅਸੈਸਮੈਂਟ ਕਰਦੇ ਸਮੇਂ ਸਕੂਲ ਬਿਲਡਿੰਗ ਦੇ ਸਟਰਕਚਰ ਦੀ ਸੇਫਟੀ ਦੀ ਅਸੈਸਮੈਂਟ ਕਰਦੇ ਹੋਏ ਮੁਕੰਮਲ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ/ਪ੍ਰਾ.ਸਿ) ਕਪੂਰਥਲਾ ਰਾਹੀਂ ਭੇਜੀ ਜਾਵੇ।
- ਉਕਤ ਸਕੂਲਾਂ ਤੋਂ ਇਲਾਵਾ ਜੇਕਰ ਕਿਸੇ ਹੋਰ ਸਕੂਲ ਵਿੱਚ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਬੰਦ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਰੰਤ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।