1…..ਮਹਿਲਾ ਕਾਂਗਰਸ ਦੀ ਨੈਸ਼ਨਲ ਪ੍ਰੈਜ਼ੀਡੈਂਟ ਸ਼ੋਭਾ ਓਝਾ ਨੇ ਆਰ.ਐਸ.ਐਸ. ਚੀਫ ਮੋਹਨ ਭਾਗਵਤ ਦੇ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਬਿਆਨ 'ਤੇ ਕਿਹਾ ਕਿ ਭਾਗਵਤ ਤੇ ਬੀਜੇਪੀ ਚਾਹੁੰਦੇ ਹਨ ਕਿ ਮਹਿਲਾਵਾਂ ਸਿਰਫ ਬੱਚੇ ਹੀ ਪੈਦਾ ਕਰਦੀਆਂ ਰਹਿਣ। ਓਝਾ ਮੁਤਾਬਕ ਦੇਸ਼ ਵਿੱਚ ਹੋਰ ਵੀ ਮੁੱਦੇ ਹਨ ਜੋ ਆਰ.ਐਸ.ਐਸ. ਨੂੰ ਪ੍ਰੇਸ਼ਾਨ ਨਹੀਂ ਕਰਦੇ। ਓਝਾ ਜਲੰਧਰ ਵਿੱਚ ਮਹਿਲਾ ਕਾਂਗਰਸ ਦੇ ਸਮਾਰੋਹ ਵਿੱਚ ਪੁੱਜੀ ਸੀ।
2…..ਲੁਧਿਆਣਾ ਦੇ ਸ਼ਿਵਾਜੀ ਨਗਰ ਵਿੱਚ ਇੱਕ ਵਪਾਰੀ ਦੀ ਪਤਨੀ ਦੇ ਭੇਤਭਰੇ ਹਾਲਾਤ ਵਿੱਚ ਹੋਏ ਕਤਲ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਮ੍ਰਿਤਕ ਸੁਰਿੰਦਰ ਕੌਰ ਦੀ ਉਮਰ ਕਰੀਬ 50 ਸਾਲ ਸੀ। ਪਰਿਵਾਰ ਮੁਤਾਬਕ ਮੰਗਲਵਾਰ ਸਵੇਰੇ ਤਿੰਨ ਨਕਾਬਪੋਸ਼ ਆਏ, ਜਿਨ੍ਹਾਂ ਨੇ ਸੂਏ ਜਿਹੀ ਚੀਜ਼ ਨਾਲ ਸੁਰਿੰਦਰ ਕੌਰ 'ਤੇ ਹਮਲਾ ਕੀਤਾ।
3……ਉੱਤਰ ਭਾਰਤ ਦੇ ਵੱਡੇ ਹਸਪਤਾਲਾਂ ‘ਚੋਂ ਇੱਕ ਪੀਜੀਆਈ ਚੰਡੀਗੜ੍ਹ ‘ਚ ਡਾਕਟਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ। ਮੰਗਲਵਾਰ ਨੂੰ ਓਪੀਡੀ ਵਿੱਚ ਸਿਰਫ ਇੱਕ ਘੰਟੇ ਤੱਕ ਹੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੀ। ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ 9 ਵਜੇ ਤੱਕ ਦਾ ਰੱਖਿਆ ਗਿਆ। ਹਾਲਾਂਕਿ ਅੱਜ ਐਮਰਜੈਂਸੀ ਸੇਵਾਂਵਾਂ ਚਾਲੂ ਰਹੀਆਂ। ਟਰੌਮਾ ਸੈਂਟਰ ‘ਚ ਵੀ ਕੰਮਕਾਜ ਕੀਤਾ ਗਿਆ। ਇਸ ਤੋਂ ਇਲਾਵਾ ਬਾਕੀ ਸਾਰੇ ਵਾਰਡਾਂ ‘ਚ ਡਾਕਟਰਾਂ ਦੇ ਕੰਸਲਟੈਂਟਾਂ ਨੇ ਮਰੀਜ਼ ਦੇਖੇ।
4…..ਏਅਰਲਾਈਨ ਜੈਟਸਮਾਰਟ ਨੇ ਸਾਹਨੇਵਾਲ ਹਵਾਈ ਅੱਡੇ ਤੋਂ ਨਵੀਂ ਉਡਾਣ ਚਾਲੂ ਕਰਨ ਦਾ ਐਲਾਨ ਕੀਤਾ ਹੈ। ਨਵੀਂ ਫਲਾਈਟ ਲੁਧਿਆਣਾ ਤੋਂ ਦਿੱਲੀ ਲਈ 1 ਸਤੰਬਰ ਨੂੰ ਪਹਿਲੀ ਵਾਰ ਉਡਾਣ ਭਰੇਗੀ। ਸ਼ਨੀਵਾਰ-ਐਤਵਾਰ ਨੂੰ ਛੱਡ ਕੇ ਹਰ ਦਿਨ ਦੋ ਵਾਰ ਇਹ ਉਡਾਣ ਚੱਲੇਗੀ ਜੋ 75 ਮਿੰਟ ਵਿੱਚ ਆਪਣਾ ਸਫਰ ਪੂਰਾ ਕਰੇਗੀ।
5…..ਕਸ਼ਮੀਰ ‘ਚ ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਗੁਰਦੁਆਰਾ ਸਾਹਿਬ ਦੀ ਭੰਨ੍ਹਤੋੜ ਕਰਨ ਦੀ ਖਬਰ ਹੈ। ਲੋਕਾਂ ਵੱਲੋਂ ਕੀਤੀਆਂ ਗਈਆਂ ਆਜ਼ਾਦੀ ਪੱਖੀ ਰੈਲੀਆਂ ਦੌਰਾਨ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਇਸ ਵਿਰੁੱਧ ਸਿੱਖਾਂ ਤੇ ਮੁਸਲਮਾਨਾਂ ਨੇ ਸਾਂਝੇ ਤੌਰ ‘ਤੇ ਰੋਸ ਪ੍ਰਦਰਸ਼ਨ ਕੀਤਾ ਹੈ।