Punjab News: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਹਿਮ ਗੱਲ ਇਹ ਹੈ ਕਿ ਬੀਜੇਪੀ ਨੇ ਤਿੰਨੇ ਸੀਟਾਂ ਦਲਬਦਲੂਆਂ ਨੂੰ ਦਿੱਤੀਆਂ ਹਨ। ਇਹ ਸਾਰੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿੱਚੋਂ ਆਏ ਹਨ। ਇਸ ਲਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਬੀਜੇਪੀ ਨੂੰ ਹੁਣ ਆਪਣੀ ਪੁਰਾਣੀ ਲੀਡਰਸ਼ਿਪ ਉਪਰ ਭਰੋਸਾ ਹੀ ਨਹੀਂ ਰਿਹਾ। 


ਹੋਰ ਪੜ੍ਹੋ : ਪੰਜਾਬ ਜ਼ਿਮਨੀ ਚੋਣਾਂ ਨੂੰ ਲੈ ਕੇ BJP ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ, ਮਨਪ੍ਰੀਤ ਬਾਦਲ ਨੂੰ ਦਿੱਤੀ ਗਿੱਦੜਬਾਹਾ ਤੋਂ ਟਿਕਟ



ਦੱਸ ਦਈਏ ਕਿ ਬੀਜੇਪੀ ਨੇ ਅੱਜ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਕਾਹਲੋਂ, ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਤੇ ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਅਜੇ ਤੱਕ ਚੱਬੇਵਾਲ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪੰਜਾਬ ਦੀਆਂ ਚਾਰ ਸੀਟਾਂ ਉਪਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। 



ਬੀਜੇਪੀ ਦੇ ਤਿੰਨੇ ਉਮੀਦਵਾਰਾਂ ਦੇ ਪਿਛੋਕੜ ਉਪਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਵਿੱਚ ਸਨ। ਉਹ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਚਲੇ ਗਏ ਤੇ ਫਿਰ ਭਾਜਪਾ 'ਚ ਸ਼ਾਮਲ ਹੋ ਗਏ। ਰਵੀਕਰਨ ਕਾਹਲੋਂ ਵੀ ਅਕਾਲੀ ਦਲ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਬਰਨਾਲਾ ਤੋਂ ਉਮੀਦਵਾਰ ਕੇਵਲ ਢਿੱਲੋਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਤਰ੍ਹਾਂ ਬੀਜੇਪੀ ਨੇ ਦਲਬਦਲੂਆਂ ਉਪਰ ਦਾਅ ਖੇਡਿਆ ਹੈ।



ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਬੀਜੇਪੀ ਨੇ ਤਿੰਨੇ ਉਮੀਦਵਾਰ ਸਿੱਖ ਲੀਡਰ ਬਣਾਏ ਹਨ।  ਤਿੰਨੇ ਵੀ ਜੱਟ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸ ਤੋਂ ਸਪਸ਼ਟ ਹੈ ਕਿ ਬੀਜੇਪੀ ਪੰਜਾਬ ਅੰਦਰ ਜੱਟ ਸਿੱਖ ਵੋਟਰਾਂ ਵਿੱਚ ਆਪਣਾ ਅਧਾਰ ਬਣਾਉਣ ਦੀ ਰਣਨੀਤੀ ਤਹਿਤ ਅੱਗੇ ਵਧ ਰਹੀ ਹੈ। 


ਦੱਸ ਦਈਏ ਕਿ ਭਾਜਪਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚਾਰੋਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ, ਚੱਬੇਵਾਲ ਤੋਂ ਇਸ਼ਾਂਕ ਸਿੰਘ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਕਾਂਗਰਸ ਤੇ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।