Farmers Protest: ਕਿਸਾਨ ਅੰਦੋਲਨ ਦਾ ਬਿਗੁਲ ਫਿਰ ਵੱਜ ਗਿਆ ਹੈ। ਇਸ ਵਾਰ ਟਾਕਰਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨਾਲ ਹੈ। ਪੰਜਾਬ ਸਰਕਾਰ ਦੀ ਸਖਤੀ ਨੇ ਕਿਸਾਨਾਂ ਦਾ ਰੋਹ ਹੋਰ ਵਧਾ ਦਿੱਤਾ ਹੈ। ਅੰਦੋਲਨ ਨੂੰ ਕੁਚਲਣ ਲਈ ਪੰਜਾਬ ਪੁਲਿਸ ਨੇ ਵੱਡੀ ਗਿਣਤੀ ਕਿਸਾਨ ਲੀਡਰ ਗ੍ਰਿਫਤਾਰ ਕਰ ਲਏ ਹਨ। ਹੁਣ ਤੱਕ 85 ਦੇ ਕਰੀਬ ਕਿਸਾਨ ਲੀਡਰਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਸੂਚਨਾ ਮਿਲੀ ਹੈ। 


 



ਇਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਚੰਡੀਗੜ੍ਹ ਵੱਲ ਜਾਣ ਦਾ ਫੈਸਲਾ ਟਾਲ ਦਿੱਤਾ ਹੈ। ਇਸ ਬਾਰੇ ਕਿਸਾਨ ਆਉਣ ਵਾਲੇ ਦਿਨਾਂ ਵਿੱਚ ਕੋਈ ਫੈਸਲਾ ਲੈ ਸਕਦੇ ਹਨ। ਦੂਜੇ ਪਾਸੇ ਕਿਸਾਨਾਂ ਨੇ ਹੁਣ ਮੋਗਾ, ਸੰਗਰੂਰ ਤੇ ਕੁਝ ਹੋਰ ਜ਼ਿਲ੍ਹਿਆਂ ਦੇ ਟੋਲ ਪਲਾਜ਼ਿਆਂ ਤੇ ਲੌਂਗੋਵਾਲ ਥਾਣੇ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ।


ਹਾਸਲ ਜਾਣਕਾਰੀ ਅਨੁਸਾਰ ਅੰਦੋਲਨ ਨੂੰ ਦਬਾਉਣ ਲਈ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਰਾਹ ਪੈ ਗਈ ਹੈ। ਕਿਸਾਨਾਂ ਦੇ ਸੁਨੇਹੇ ਫੈਲਣ ਤੋਂ ਰੋਕਣ ਲਈ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਆਰਜ਼ੀ ਤੌਰ 'ਤੇ ਬਲੌਕ ਕਰ ਦਿੱਤੇ ਗਏ ਹਨ। ਹੁਣ ਤੱਕ ਕਿਸਾਨ ਆਗੂ ਰਮਨਦੀਪ ਸਿੰਘ ਮਾਨ ਤੇ ਗਾਉਂ ਸੇਵੇਰਾ ਆਦਿ ਦੇ ਖਾਤੇ ਬੰਦ ਕਰ ਦਿੱਤੇ ਗਏ ਹਨ।


ਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ ਚੰਡੀਗੜ੍ਹ 'ਚ ਸਰਕਾਰ ਖਿਲਾਫ ਕਿਸਾਨਾਂ ਦੇ ਧਰਨੇ ਨੂੰ ਨਾਕਾਮ ਕਰਨ ਲਈ 85 ਦੇ ਕਰੀਬ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਸੋਮਵਾਰ ਤੋਂ ਅੰਮ੍ਰਿਤਸਰ, ਜਲੰਧਰ ਤੇ ਤਰਨ ਤਾਰਨ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਟੋਲ ਪਲਾਜ਼ਿਆਂ 'ਤੇ ਕਿਸਾਨਾਂ ਨੇ ਧਰਨੇ ਸ਼ੁਰੂ ਕਰ ਦਿੱਤੇ ਹਨ।


ਹੁਣ ਕਿਸਾਨਾਂ ਦੀ ਮਨਸ਼ਾ ਸਰਕਾਰ ਨੂੰ ਆਰਥਿਕ ਠੇਸ ਪਹੁੰਚਾਉਣ ਦੀ ਹੈ। ਇਸ ਲਈ ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਗੇਟ ਖੋਲ੍ਹ ਦਿੱਤੇ ਹਨ ਤੇ ਫਾਸਟੈਗ ਸਕੈਨਰ ਬੰਦ ਕਰ ਦਿੱਤੇ ਹਨ। ਤਰਨ ਤਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਸਮੇਤ ਬਹੁਤੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਕੁਝ ਛਾਪੇਮਾਰੀ ਕਰਨ ਵਾਲੀਆਂ ਪੁਲਿਸ ਪਾਰਟੀਆਂ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਗਏ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।