Punjab News: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 18 ਨਵੰਬਰ ਦਿਨ ਸ਼ਨੀਵਾਰ ਨੂੰ ਹੁਸ਼ਿਆਰਪੁਰ ਪਹੁੰਚੇ। ਜਿੱਥੇ ਪੰਜਾਬ ਵਿੱਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦਾ ਪਿੜ ਬੰਨ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਦੇ ਲੋਕਾਂ ਨੂੰ 867 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਅਤੇ ਐਲਾਨ ਕਰ ਕੇ ਵੱਡਾ ਤੋਹਫ਼ਾ ਦਿੱਤਾ। 



ਮੰਤਰੀ ਜਿੰਪਾ ਨੇ ਲਗਾਏ ਪੈਰੀਂ ਹੱਥ


ਇਸ ਸਮਾਗਮ ਦੇ ਵਿੱਚ ਆਪ ਦੇ ਲਗਭਗ ਸਾਰੇ ਹੀ ਲੀਡਰ ਪਹੁੰਚੇ ਹੋਏ ਸਨ। ਇਸ ਦੌਰਾਨ ਕੁੱਝ ਅਜਿਹਾ ਹੋਇਆ ਜੋ ਕਿ ਲਾਈਵ ਦੌਰਾਨ ਕੈਦ ਹੋ ਗਿਆ ਹੈ। ਜੀ ਹਾਂ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਜੋ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਪੈਰੀਂ ਹੱਥ ਲਗਾਉਂਦੇ ਨਜ਼ਰ ਆਏ।




ਸਰਕਾਰੀ ਮੈਡੀਕਲ ਕਾਲਜ ਸਮੇਤ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ


ਦੋਵਾਂ ਆਗੂਆਂ ਨੇ 550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਸਮੇਤ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਸ਼ਹੀਦ ਊਧਮ ਸਿੰਘ ਦੇ ਨਾਂ ਉਤੇ ਬਣਨ ਵਾਲੇ ਇਸ ਕਾਲਜ ਵਿੱਚ ਐਮ.ਬੀ.ਬੀ.ਐਸ. ਦੀਆਂ 100 ਸੀਟਾਂ ਹੋਣਗੀਆਂ ਅਤੇ ਇਸ ਲਈ ਕੌਮੀ ਮੈਡੀਕਲ ਕਮਿਸ਼ਨ ਯੂ.ਜੀ.-ਐਮ.ਐਸ.ਆਰ.-2023 ਤਹਿਤ 420 ਬਿਸਤਰਿਆਂ ਵਾਲਾ ਹਸਪਤਾਲ ਲੋੜੀਂਦਾ ਹੋਵੇਗਾ। ਦੋਵਾਂ ਮੁੱਖ ਮੰਤਰੀਆਂ ਨੇ ਪਿੰਡ ਖੁਰਾਲਗੜ੍ਹ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਮੈਮੋਰੀਅਲ ਅਤੇ ਆਡੀਟੋਰੀਅਮ ਤੇ ਓਪਨ ਥੀਏਟਰ ਵੀ ਲੋਕਾਂ ਨੂੰ ਸਮਰਪਿਤ ਕੀਤਾ।


 


ਦੋਵਾਂ ਮੁੱਖ ਮੰਤਰੀਆਂ ਨੇ ਇਹ ਵੀ ਕਿਹਾ ਕਿ ਟਾਂਡਾ ਵਿਖੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਐਸ.ਡੀ.ਐਮ. ਦਫ਼ਤਰ ਅਤੇ ਅਦਾਲਤ, ਤਹਿਸੀਲਦਾਰ ਦਫ਼ਤਰ ਅਤੇ ਕਚਹਿਰੀ, ਵੇਟਿੰਗ ਏਰੀਆ, ਮੀਟਿੰਗ ਹਾਲ, ਫ਼ਰਦ ਕੇਂਦਰ, ਰਿਕਾਰਡ ਰੂਮ ਅਤੇ ਹੋਰ ਸਹੂਲਤਾਂ ਨਾਲ ਨਵੀਂ ਤਹਿਸੀਲ ਦੀ ਇਮਾਰਤ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਰਖਾਣ, ਪਿੱਪਲਵਾਲਾ, ਬੂਥਗੜ੍ਹ, ਨਾਰੀ, ਸਿੰਘਪੁਰ, ਭਾਮ, ਢੱਡੇ ਕਟਵਾਲ, ਹਰਸਾ ਮਾਨਸਰ, ਅੰਬਾਲਾ ਜੱਟਾਂ, ਕੋਈ, ਝੱਜ, ਕੁਰਾਲਾ ਕਲਾਂ, ਤਲਵੰਡੀ ਡੱਡੀਆਂ, ਬਾਬਕ, ਭੰਬੋਤਰ, ਚਮੂਹੀ, ਸਾਠਵਾਂ, ਸੰਸਾਰਪੁਰ, ਸਫਦਰਪੁਰ, ਤਲਵਾੜਾ ਸਿਟੀ, ਰਾਮਗੜ੍ਹ ਸੀਕਰੀ, ਦਾਰਾਪੁਰ, ਬਹੇੜਾ, ਮਸਤਪੁਰ, ਮਿਰਜ਼ਾਪੁਰ ਖਡਿਆਲਾ, ਭਾਗੋਵਾਲ ਅਤੇ  ਮਾਹਿਲਪੁਰ ਵਿਖੇ 6.96 ਕਰੋੜ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ-1, ਭੂੰਗਾ, ਟਾਂਡਾ, ਦਸੂਹਾ ਅਤੇ ਸ੍ਰੀ ਹਰਗੋਬਿੰਦਪੁਰ ਬਲਾਕਾਂ ਵਿਖੇ ਨਵੀਆਂ ਲਾਇਬ੍ਰੇਰੀਆਂ ਖੋਲ੍ਹਣ ਉਤੇ 2.56 ਕਰੋੜ ਰੁਪਏ ਖਰਚੇ ਜਾਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।