Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਤੇ ਦੇਸ਼ ਵਿੱਚ ਕਾਂਗਰਸ ਦਾ ਹੁਣ ਖ਼ਾਤਮਾ ਹੋ ਰਿਹਾ ਹੈ।  ਉਨ੍ਹਾਂ ਕਿਹਾ ਕਾਂਗਰਸ ਖ਼ਤਮ ਹੋ ਚੁੱਕੀ ਹੈ ਤੇ ਲੋਕਾਂ ਨੂੰ ਵੀ ਇਸ ਗੱਲ ਬਾਰੇ ਪਤਾ ਲੱਗ ਚੁੱਕਾ ਹੈ। ਇਸ ਲਈ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਮਿਲੀ ਸਜ਼ਾ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਗ਼ਲਤੀ ਇਨਸਾਨਾਂ ਤੋਂ ਹੁੰਦੀ ਹੈ, ਹੋ ਸਕਦਾ  ਹੈ ਕਿ ਉਨ੍ਹਾਂ ਤੋਂ ਉਸ ਵੇਲੇ ਕੋਈ ਗਲਤੀ ਹੋਈ ਹੋਵੇ ਹਾਲਾਂਕਿ ਇਹ ਫ਼ੈਸਲਾ ਕਾਨੂੰਨ ਦਾ ਹੈ ਤੇ ਕਾਨੂੰਨ ਨੇ ਆਪਣੇ ਮੁਤਾਬਕ ਕਾਰਵਾਈ ਕਰਨੀ ਹੈ।



ਕੁੰਵਰ ਵਿਜੇ ਪ੍ਰਤਾਪ ਵੱਲੋਂ ਆਪਣੀ ਹੀ ਪਾਰਟੀ 'ਤੇ ਸਵਾਲ ਖੜ੍ਹੇ ਕਰਨ ਦੇ ਮੁੱਦੇ ਨੂੰ ਲੈ ਕੇ ਤੇ ਸੀਐਮ ਮਾਨ ਨੂੰ ਲਿਖੀ ਚਿੱਠੀ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਏ ਹਾਲੇ ਦੋ ਮਹੀਨੇ ਹੀ ਹੋਏ ਹਨ, ਉਨ੍ਹਾਂ ਕਿਹਾ ਕਿ ਅਸੀਂ ਬਹਿਬਲ ਕਲਾਂ ਤੇ ਬਰਗਾੜੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਬਾਰੇ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਤੇ ਇਸ ਸਬੰਧੀ ਲਗਾਤਾਰ ਯਤਨ ਕਰ ਰਹੇ ਹਾਂ।
 
ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਲੁਧਿਆਣਾ ਦੇ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਜੋ ਹਾਲਾਤ ਬਣ ਰਹੇ ਹਨ, ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣਾ ਬੇਹੱਦ ਜ਼ਰੂਰੀ ਹੈ ਜਿਸ ਕਰਕੇ ਸਰਕਾਰ ਇਸ ਨੂੰ ਲੈ ਕੇ ਲਗਾਤਾਰ ਉਪਰਾਲੇ ਕਰ ਰਹੀ ਹੈ।

ਉੱਥੇ ਹੀ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਤੇ ਸੈਂਕੜੇ ਏਕੜ ਤੋਂ ਅਸੀਂ ਕਬਜ਼ੇ ਵੀ ਛੁਡਵਾਏ ਹਨ। ਉਨ੍ਹਾਂ ਕਿਹਾ ਧਾਰਮਿਕ ਥਾਂਵਾਂ ਮੰਦਰ, ਗੁਰਦੁਆਰੇ ਜਾਂ ਮਸਜਿਦਾਂ ਬਣੀਆਂ ਥਾਵਾਂ ਨੂੰ ਨਹੀਂ ਤੋੜਿਆ ਜਾ ਰਿਹਾ ਪਰ ਇਸ ਗੱਲ ਦੀ ਵੀ ਜਾਂਚ ਹੋ ਰਹੀ ਹੈ ਕਿ ਕਿਤੇ ਧਰਮ ਦੀ ਆੜ ਵਿੱਚ ਇਹ ਕਬਜ਼ਾ ਤਾਂ ਨਹੀਂ ਕੀਤਾ ਗਿਆ ਜੇਕਰ ਅਜਿਹਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ।