ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 4358 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਦਰਸ਼ੀ ਢੰਗ ਨਾਲ ਨਿਯੁਕਤੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਨਤਾ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ।
ਸੀਐਮ ਭਗਵੰਤ ਮਾਨ ਨੇ ਪੁਲਿਸ ਮਹਿਕਮੇ ‘ਚ ਨਵ-ਨਿਯੁਕਤ 4358 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡਦਿਆਂ ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਹੋਏ ਪੁਲਿਸ ਕਾਂਸਟੇਬਲਾਂ ‘ਚ ਮੁੰਡਿਆਂ ਸਮੇਤ ਸਾਡੀਆਂ ਕੁੜੀਆਂ ਨੇ ਬਾਜ਼ੀ ਮਾਰੀ ਹੈ, ਇਨ੍ਹਾਂ ਸਾਰਿਆਂ ਨੂੰ ਮੁਬਾਰਕਾਂ।
ਮੁੱਖ ਮੰਤਰੀ ਨੇ ਸਾਰੇ ਨਵੇਂ ਭਰਤੀ ਕਾਂਸਟੇਬਲਾਂ ਦੀ ਹੌਂਸਲਾ-ਅਫ਼ਜਾਈ ਕਰਦਿਆਂ, ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਤੇ ਲੋਕ-ਸੇਵਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਮਾਨਦਾਰੀ ਦੀ ਕਮਾਈ ਹਮੇਸ਼ਾ ਸਕੂਨ ਦਿੰਦੀ ਹੈ, ਬੇਈਮਾਨੀ ਨਾਲ ਜਾਂ ਇਧਰੋਂ-ਉਧਰੋਂ ਕਮਾਏ ਪੈਸਿਆਂ ‘ਚ ਕਦੇ ਬਰਕਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਤੇ ਸ਼ਹੀਦਾਂ ਦਾ ਥਾਪੜਾ ਹੈ, ਆਜ਼ਾਦੀ ਲਿਆਉਣ ਤੇ ਬਰਕਰਾਰ ਰੱਖਣ ‘ਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ।
ਇਸ ਮੌਕੇ ਸਾਬਕਾ ਕਾਂਗਰਸੀ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਾਰੀ ਕਾਰਵਾਈ ਕਾਨੂੰਨ ਮੁਤਾਬਕ ਹੋਈ ਹੈ। ਭਗਵੰਤ ਮਾਨ ਨੇ ਕਿਹਾ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ, ਉਸੇ ਵਾਅਦੇ ਮੁਤਾਬਕ ਆਪਣਾ ਕੰਮ ਕੀਤਾ ਹੈ। ਅਸੀਂ ਕੋਈ ਸਿਆਸੀ ਰੰਜਿਸ਼ ਨਹੀਂ ਕੀਤੀ।
ਦੱਸ ਦਈਏ ਕਿ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਵਿਖੇ ਇੱਕ ਸੈਲੂਨ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਵੀ ਦੋਸ਼ ਲਾਇਆ ਸੀ। ਇਸ ਗ੍ਰਿਫਤਾਰੀ ’ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਟੀਮ ਕੋਲ ਕੋਈ ਕਾਗਜ਼ ਨਹੀਂ ਸੀ ਤੇ ਗ੍ਰਿਫਤਾਰੀ ਧੱਕੇਸ਼ਾਹੀ ਹੈ। ਕਾਂਗਰਸ ਨੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਦੱਸਿਆ ਹੈ।