ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਆਪਣੀ ਕੈਬਨਿਟ ਵਿੱਚ ਵੱਡਾ ਫੇਰ-ਬਦਲ ਕਰਨਗੇ। ਇਹ ਫੇਰ-ਬਦਲ ਬਜਟ ਸੈਸ਼ਨ ਮਗਰੋਂ ਹੋਏਗਾ। ਮੰਨਿਆ ਜਾ ਰਿਹਾ ਕਿ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ ਤੇ ਕੁਝ ਨਵੇਂ ਮੰਤਰੀ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਕੈਬਨਿਟ ਵਿੱਚ ਇਸ ਵੇਲੇ ਨੌਂ ਮੰਤਰੀ ਹੀ ਹਨ। ਨਵੀਂ ਸਰਕਾਰ ਬਣਨ ਵਾਲੇ 10 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਸੀ ਪਰ ਮੰਗਲਵਾਰ ਨੂੰ ਇੱਕ ਮੰਤਰੀ ਬਰਖਾਸਤ ਕਰ ਦਿੱਤਾ ਗਿਆ ਹੈ। ਉਂਝ ਪੰਜਾਬ ਵਿੱਚ ਮੁੱਖ ਮੰਤਰੀ ਤੋਂ ਇਲਾਵਾ 17 ਮੰਤਰੀ ਬਣ ਸਕਦੇ ਹਨ।



ਸੂਤਰਾਂ ਮੁਤਾਬਕ ਪਾਰਟੀ ਦੀ ਹੁਣ ਤੱਕ ਦੀ ਸਮੀਖਿਆ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਛੇ ਮੰਤਰੀਆਂ ਦਾ ਕੰਮ ਵਧੀਆ ਪਾਇਆ ਗਿਆ ਹੈ, ਜਦੋਂਕਿ ਤਿੰਨ ਮੰਤਰੀਆਂ ਦੇ ਕੰਮ ’ਤੇ ਤਸੱਲੀ ਪ੍ਰਗਟਾਈ ਗਈ ਹੈ। ਪਾਰਟੀ ਨੇ ਸਮੀਖਿਆ 'ਚ ਭ੍ਰਿਸ਼ਟਾਚਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਪਾਰਟੀ ਛੇ ਮਹੀਨਿਆਂ ਤੱਕ ਮੰਤਰੀਆਂ ਦੇ ਕੰਮ ਦੀ ਸਮੀਖਿਆ ਕਰੇਗੀ, ਜਿਸ ਤੋਂ ਬਾਅਦ ਪਾਰਟੀ ਕਨਵੀਨਰ ਤੇ ਮੁੱਖ ਮੰਤਰੀ ਦੀ ਸਹਿਮਤੀ ਨਾਲ ਮੰਤਰੀਆਂ ਦੇ ਵਿਭਾਗ ਬਦਲੇ ਜਾਣਗੇ।

‘ਆਪ’ ਦੀ ਸਮੀਖਿਆ ਵਿੱਚ ਛੇ ਨਾਂ ਸ਼ਾਮਲ ਹਨ, ਜਿਨ੍ਹਾਂ ਦਾ ਕੰਮ ਚੰਗਾ ਮਿਲਿਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਨਾਂ ਹਰਪਾਲ ਸਿੰਘ ਚੀਮਾ ਦਾ ਹੈ। ਉਨ੍ਹਾਂ ਕੋਲ ਸਰਕਾਰ ਦਾ ਮਹੱਤਵਪੂਰਨ ਵਿੱਤ ਮੰਤਰਾਲਾ ਹੈ। ਦੂਜੇ ਨੰਬਰ ’ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਨ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਤੀਜੇ ਨੰਬਰ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀਆਂ ਲਾਲਚੰਦ, ਹਰਜੋਤ ਸਿੰਘ ਬੈਂਸ ਤੇ ਹਰਭਜਨ ਸਿੰਘ ਈਟੀਓ ਦਾ ਕੰਮ ਵਧੀਆ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਡਾ. ਬਲਜੀਤ ਕੌਰ, ਲਾਲਜੀਤ ਸਿੰਘ ਭੁੱਲਰ ਤੇ ਬ੍ਰਹਮ ਸ਼ੰਕਰ ਜ਼ਿੰਪਾ ਦੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।

ਉਧਰ, ਸਿਹਤ ਮੰਤਰੀ ਦੀ ਛਾਂਟੀ ਮਗਰੋਂ ਹੀ ‘ਆਪ’ ਵਿਧਾਇਕਾਂ ਵਿੱਚ ਸਿਹਤ ਮੰਤਰੀ ਬਣਨ ਦੀ ਦੌੜ ਅੰਦਰੋਂ ਅੰਦਰ ਸ਼ੁਰੂ ਹੋ ਗਈ ਹੈ। ਹਾਲ ਦੀ ਘੜੀ ਮੁੱਖ ਮੰਤਰੀ ਸਿਹਤ ਵਿਭਾਗ ਆਪਣੇ ਕੋਲ ਰੱਖ ਸਕਦੇ ਹਨ ਕਿਉਂਕਿ ਅੱਗੇ ਬਜਟ ਸੈਸ਼ਨ ਆ ਰਿਹਾ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਪੰਜਾਬ ’ਚ ਮੁਹੱਲਾ ਕਲੀਨਕ 15 ਅਗਸਤ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਸੂਤਰਾਂ ਮੁਤਾਬਕ ਬਜਟ ਸੈਸ਼ਨ ਮਗਰੋਂ ਹੀ ‘ਆਪ’ ਸਰਕਾਰ ਦੀ ਕੈਬਨਿਟ ਵਿੱਚ ਵਿਸਥਾਰ ਦੀ ਯੋਜਨਾ ਹੈ। ‘ਆਪ’ ਦੇ ਦੂਸਰੀ ਵਾਰ ਬਣੇ ਵਿਧਾਇਕਾਂ ਦੀ ਸਿਹਤ ਮੰਤਰੀ ਦੀ ਖ਼ਾਲੀ ਹੋਈ ਕੁਰਸੀ ’ਤੇ ਵੀ ਅੱਖ ਹੈ। ਪਹਿਲੇ ਗੇੜ ਵਿਚ ‘ਆਪ’ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਸਰਬਜੀਤ ਕੌਰ ਮਾਣੂਕੇ, ਬਲਜਿੰਦਰ ਕੌਰ ਵਜ਼ਾਰਤ ਵਿੱਚ ਸ਼ਾਮਲ ਨਹੀਂ ਕੀਤੇ ਗਏ ਸਨ।