ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਜਲਦੀ ਹੀ ਪੰਜਾਬ ਤੋਂ ਏਅਰਪੋਰਟ ਤੱਕ ਸਰਕਾਰੀ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਦੇ ਲਈ ਸਾਰੇ ਡਿਪੂਆਂ ਨੂੰ ਆਪਣੀਆਂ ਵਾਲਵੋ ਬੱਸਾਂ ਤਿਆਰ ਕਰਨ ਲਈ ਕਿਹਾ ਹੈ। ਡਿਪੂ ਪ੍ਰਬੰਧਕਾਂ ਨੂੰ ਵਾਲਵੋ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।ਉਸ ਨੂੰ ਤਕਨੀਕੀ ਤੌਰ 'ਤੇ ਫਿੱਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਸਾਂ ਵੀ ਵਧੀਆ ਲੱਗਣੀਆਂ ਚਾਹੀਦੀਆਂ ਹਨ।

ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਸਰਕਾਰੀ ਬੱਸਾਂ 'ਤੇ ਲੰਬੇ ਸਮੇਂ ਤੋਂ ਪਾਬੰਦੀ ਲੱਗੀ ਹੋਈ ਹੈ। ਹਾਲਾਂਕਿ ਹੁਣ ਦਿੱਲੀ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਧਿਕਾਰੀਆਂ ਦੀ ਬੈਠਕ 'ਚ ਇਸ 'ਤੇ ਸਹਿਮਤੀ ਬਣ ਗਈ ਹੈ।

ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ 10 ਸ਼ਹਿਰਾਂ ਤੋਂ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਚੰਡੀਗੜ੍ਹ, ਰੋਪੜ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਮੋਗਾ, ਮੁਕਤਸਰ ਅਤੇ ਨਵਾਂਸ਼ਹਿਰ ਸ਼ਾਮਲ ਹਨ। ਇਹ ਉਹ ਸਾਰੇ ਖੇਤਰ ਹਨ ਜਿੱਥੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ। ਸਾਰੇ ਵੱਡੇ ਸ਼ਹਿਰਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਪ੍ਰਵਾਸੀ ਭਾਰਤੀ ਪਰਿਵਾਰਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ।

ਟਰਾਂਸਪੋਰਟ ਵਿਭਾਗ ਨੂੰ ਬੱਸਾਂ ਦਾ ਸਮਾਂ ਸਾਰਣੀ ਵੀ ਤਿਆਰ ਕਰਨ ਲਈ ਕਿਹਾ ਹੈ। ਇਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜਦੋਂ ਫਲਾਈਟ ਆਵੇ ਤਾਂ ਬੱਸਾਂ ਉਸੇ ਸਮੇਂ ਹੀ ਆਉਣੀਆਂ-ਜਾਣੀਆਂ ਚਾਹੀਦੀਆਂ ਹਨ ਤਾਂ ਜੋ ਬੱਸਾਂ ਬੇਲੋੜੀ ਨਾ ਖੜ੍ਹੀਆਂ ਹੋਣ ਜਾਂ ਖਾਲੀ ਨਾ ਆਉਣ।

ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ ਸਟੇਜ ਕੈਰੇਜ਼ ਦੇ ਹਿਸਾਬ ਨਾਲ ਹੋਵੇਗਾ। ਇਸ ਵੇਲੇ ਬਾਦਲ ਪਰਿਵਾਰ ਦੀਆਂ ਇੰਡੋ-ਕੈਨੇਡੀਅਨ ਟਰਾਂਸਪੋਰਟ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਚੱਲਦੀਆਂ ਹਨ। ਜਿਸ ਦਾ ਕਿਰਾਇਆ ਕਈ ਗੁਣਾ ਵੱਧ ਹੈ। ਸਰਕਾਰੀ ਵਾਲਵੋ ਚੱਲਣ ਨਾਲ ਮੁਸਾਫਰਾਂ ਦੀ ਲੁੱਟ ਵੀ ਰੁਕੇਗੀ।