ਬਰਨਾਲਾ: ਕੇਂਦਰ ਸਰਕਾਰ ਵੱਲੋਂ ਨਿੱਤ ਦਿਨ ਵਧਾਈਆਂ ਜਾ ਰਹੀਆਂ ਪੈਟਰੋਲ-ਡੀਜ਼ਲ , ਰਸੋਈ ਗੈਸ ਅਤੇ ਹੋਰ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਚੌਕ ਬਰਨਾਲਾ ਵਿਖੇ ਕਾਂਗਰਸ ਵੱਲੋਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਖੀ ਪੱਖੋਕੇ ਦੀ ਅਗਵਾਈ ਵਿੱਚ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੁਕਿਆ।



ਇਸ ਮੌਕੇ ਹਲਕਾ ਇੰਚਾਰਜ ਮਨੀਸ਼ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਅਤੇ ਰਸੋਈ ਗੈਸ ਤੋਂ ਇਲਾਵਾ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਦੀ ਜੇਬ ਉਪਰ ਵੱਡਾ ਡਾਕਾ ਮਾਰਿਆ ਹੈ । ਜਿਸ ਕਾਰਨ ਮੱਧ ਵਰਗੀ ਲੋਕਾਂ ਦਾ ਰੋਜ਼ਾਨਾ ਜੀਵਨ ਗੜਬੜਾ ਗਿਆ ਹੈ। ਦਵਾਈਆਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੇ ਖ਼ਿਲਾਫ਼ ਬੋਲਦਿਆਂ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਨਾ ਤਾਂ ਲੋਕਾਂ ਤੱਕ ਸਸਤਾ ਇਲਾਜ ਪਹੁੰਚਾ ਪਾਈ ਹੈ ਅਤੇ ਨਾਂ ਹੀ ਚੰਗੀਆਂ ਸਿਹਤ ਸਹੂਲਤਾ ਦੇ ਸਕੀ ਹੈ ਅਤੇ ਹੁਣ ਦਵਾਈਆਂ ਦੇ ਵਧੇ ਰੇਟਾਂ ਨੇ ਇਲਾਜ ਅਤੇ ਦਵਾਈਆਂ ਦਾ ਖਰਚ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ।
ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾ ਮਹਿੰਗਾਈ ਨੂੰ ਕੰਟਰੋਲ ਵਿੱਚ ਰੱਖ ਕੇ ਵੋਟ ਵਟੋਰਨ ਦਾ ਪੈਤੜਾ ਖੇਡਿਆ ਅਤੇ ਹੁਣ ਕਈ ਰਾਜਾਂ ਦੀਆਂ ਚੋਣਾਂ ਹੋਣ ਤੋਂ ਬਾਅਦ ਕੇਂਦਰ ਨੇ ਆਪਣਾ ਲੋਕ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਲਿਆਂਦਾ ਹੈ।




ਉਹਨਾਂ ਪੰਜਾਬ ਦੀ ਆਪ ਸਰਕਾਰ ਦੀ ਕੁਝ ਦਿਨਾਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਲੋਕਾਂ ਨੂੰ ਬਦਲਾਅ ਦੇ ਨਾਂ ਤੇ ਗੁੰਮਰਾਹ ਕੀਤਾ ਗਿਆ ਹੈ ਕੁਝ ਹੀ ਦਿਨਾਂ ਤਕ ਜਿੱਥੇ ਲੋਕ ਇਸ ਮੌਜੂਦਾ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਸੜਕਾਂ ਤੇ ਆਉਣ ਲੱਗ ਪਏ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਜਿੱਥੇ ਕੀਤੇ ਵਾਅਦੇ ਮੁਤਾਬਕ ਮਹਿੰਗਾਈ ਨੂੰ ਘੱਟ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ ਉੱਥੇ ਹੀ ਸੂਬੇ ਅੰਦਰ ਰੇਤ ਮਾਫੀਆ ਅਤੇ ਹੋਰ ਧਾਂਦਲੀਆਂ ਲਗਾਤਾਰ ਜਾਰੀ ਹਨ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।