Punjab News: ਪਿਛਲੇ ਕਾਫੀ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਲਈ ਖੁਸ਼ਖਬਰੀ ਹੈ। ਨਿਗਮ ਦੀ ਵਿੱਤੀ ਹਾਲਤ ਵਿੱਚ ਕਮਾਲ ਦਾ ਸੁਧਾਰ ਹੋਇਆ ਹੈ। ਮੁਫਤ ਬਿਜਲੀ ਦੇਣ ਦੇ ਬਾਵਜੂਦ ਚਾਲੂ ਵਿੱਤੀ ਸਾਲ 2023-24 ਵਿੱਚ ਅਪ੍ਰੈਲ ਤੋਂ ਸਤੰਬਰ ਦੇ ਸਮੇਂ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 564.76 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਜਦੋਂਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਪੀਐਸਪੀਸੀਐਲ ਨੂੰ 1880.25 ਕਰੋੜ ਰੁਪਏ ਦਾ ਘਾਟਾ ਪਿਆ ਸੀ।


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਸਮਰਥਨ ਨਾਲ PSPCL ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ ਹੈ। ਸਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਬਿਜਲੀ ਸਬਸਿਡੀ ਦੀ ਅਦਾਇਗੀ ਸਮੇਂ ਸਿਰ ਕਰਨ ਨੂੰ ਪਹਿਲ ਦੇ ਰਹੀ ਹੈ। 



ਸਰਕਾਰ ਦੇ ਇਸ ਫੈਸਲੇ ਕਾਰਨ ਨਕਦੀ ਦੇ ਪ੍ਰਵਾਹ ਵਿੱਚ 12,342 ਕਰੋੜ ਰੁਪਏ ਦਾ ਸੁਧਾਰ ਹੋਇਆ ਹੈ, ਜਿਸ ਨਾਲ ਪੀਐਸਪੀਸੀਐਲ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋਇਆ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ 564.76 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ ਤੇ ਮਾਲੀਏ ਵਿੱਚ ਵੀ ਉਛਾਲ ਆਇਆ ਹੈ।


ਪੰਜਾਬ ਦੇ ਖਪਤਕਾਰਾਂ ਨੂੰ ਸਸਤੀ ਤੇ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਦੀ ਖਰੀਦ ਲਾਗਤ ਨੂੰ ਘਟਾਉਣ ਲਈ ਕਈ ਫੈਸਲੇ ਲਏ ਹਨ। ਇਨ੍ਹਾਂ ਕਦਮਾਂ ਕਾਰਨ ਬਿਜਲੀ ਦੀਆਂ ਵਧਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਨਾਲ-ਨਾਲ ਨਿਗਮ ਦੀ ਵਿੱਤੀ ਹਾਲਤ ਨੂੰ ਸੁਧਾਰਨ ਵਿੱਚ ਮਦਦ ਮਿਲੀ ਹੈ। 


ਪੀਐਸਪੀਸੀਐਲ ਨੇ ਆਪਣੇ ਹਾਈਡ੍ਰੋ ਪਾਵਰ ਪਲਾਂਟਾਂ ਤੋਂ ਉਤਪਾਦਨ ਵਿੱਚ ਵਾਧਾ ਕੀਤਾ ਹੈ ਜਿਸ ਕਾਰਨ ਬਿਜਲੀ ਉਤਪਾਦਨ ਵਿੱਚ 21 ਫੀਸਦੀ ਦਾ ਵਾਧਾ ਹੋਇਆ ਹੈ। ਨਿਗਮ ਨੇ ਆਪਣੇ ਹਾਈਡਰੋ ਇਲੈਕਟ੍ਰਿਕ ਪਲਾਂਟ ਤੋਂ 21 ਫੀਸਦੀ ਜ਼ਿਆਦਾ ਬਿਜਲੀ ਦਾ ਉਤਪਾਦਨ ਕੀਤਾ ਹੈ। ਬੀਬੀਐਮਬੀ ਹਾਈਡਰੋ ਪਲਾਂਟ ਰਾਹੀਂ ਬਿਜਲੀ ਉਤਪਾਦਨ ਵਿੱਚ 14 ਫੀਸਦੀ ਤੇ ਦੂਜੇ ਰਾਜਾਂ ਰਾਹੀਂ 13 ਫੀਸਦੀ ਦਾ ਵਾਧਾ ਹੋਇਆ ਹੈ।


ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਅਪਰੈਲ ਤੋਂ ਸਤੰਬਰ ਦੀ ਮਿਆਦ ਦੌਰਾਨ ਥੋੜ੍ਹੇ ਸਮੇਂ ਦੇ ਸਮਝੌਤਿਆਂ ਤੇ ਐਕਸਚੇਂਜ ਮਾਰਕੀਟ ਵਿੱਚ ਵਪਾਰ ਰਾਹੀਂ ਬਿਜਲੀ ਦੀ ਖਰੀਦ ਦੀ ਲਾਗਤ ਨੂੰ 48 ਫੀਸਦੀ ਤੱਕ ਘਟਾਉਣ ਵਿੱਚ ਮਦਦ ਕੀਤੀ ਗਈ ਹੈ। ਪੀਐਸਪੀਸੀਐਲ ਨੇ ਐਕਸਚੇਂਜ ਮਾਰਕੀਟ ਵਿੱਚ 924 ਕਰੋੜ ਰੁਪਏ ਦੀ ਬਿਜਲੀ ਵੇਚਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਪਿਛਲੇ ਸਾਲ ਅਪ੍ਰੈਲ ਤੋਂ ਸਤੰਬਰ 2022 ਦੀ ਮਿਆਦ ਦੌਰਾਨ 293 ਕਰੋੜ ਰੁਪਏ ਸੀ।