Punjab News: ਪੰਜਾਬ ਵਿੱਚ ਆਏ ਹੜ੍ਹਾਂ ਦਾ ਲਾਹਾ ਸਮੱਗਲਰ ਰੱਜ ਕੇ ਉਠਾ ਰਹੇ ਹਨ। ਹੜ੍ਹਾਂ ਦਾ ਸਹਾਰਾ ਲੈ ਕੇ ਤਸਕਰਾਂ ਨੇ ਦਰਿਆਵਾਂ ਰਾਹੀਂ ਹੈਰੋਇਨ ਦੀਆਂ ਖੇਪਾਂ ਭੇਜਣੀਆਂ ਤੇਜ਼ ਕਰ ਦਿੱਤੀਆਂ ਹਨ। ਨਸ਼ਾ ਤਸਕਰਾਂ ਵੱਲੋਂ ਦਰਿਆਵਾਂ ਰਾਹੀਂ ਗੋਤਾਖਰਾਂ ਦੀ ਮਦਦ ਲਾਲ ਚੜ੍ਹਦੇ ਪੰਜਾਬ ਵਿੱਚ ਹੈਰੋਇਨ ਭੇਜੀ ਜਾ ਰਹੀ ਹੈ। ਤਸਕਰਾਂ ਦੀਆਂ ਹਰਕਤਾਂ ਨੂੰ ਵੇਖਦਿਆਂ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। 



ਪੰਜਾਬ ਪੁਲਿਸ ਤੇ ਬੀਐਸਐਫ ਦੇ ਸਾਂਝੇ ਅਪਰੇਸ਼ਨਾਂ ਤਹਿਤ ਪਹਿਲੀ ਜੂਨ ਤੋਂ 23 ਅਗਸਤ ਤੱਕ ਦੋ ਕੁਇੰਟਲ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ 17 ਅਗਸਤ ਨੂੰ 8 ਕਿੱਲੋ ਹੈਰੋਇਨ, 11 ਅਗਸਤ ਨੂੰ 5 ਕਿੱਲੋ, 10 ਅਗਸਤ ਨੂੰ 12 ਕਿੱਲੋ, 6 ਅਗਸਤ ਨੂੰ 78 ਕਿੱਲੋ ਹੈਰੋਇਨ ਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ 5 ਅਗਸਤ ਨੂੰ 4 ਕਿੱਲੋ, 3 ਅਗਸਤ ਨੂੰ 6 ਕਿੱਲੋ ਹੈਰੋਇਨ ਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। 


ਕੁੱਝ ਦਿਨ ਪਹਿਲਾਂ ਹੀ 21 ਅਗਸਤ ਨੂੰ 30 ਕਿੱਲੋ ਤੇ 23 ਅਗਸਤ ਨੂੰ ਅੰਮ੍ਰਿਤਸਰ ’ਚ 42 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਜੂਨ ਤੇ ਜੁਲਾਈ ਮਹੀਨਿਆਂ ਦੌਰਾਨ ਵੀ ਵੱਡੀ ਗਿਣਤੀ ਵਿੱਚ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਹੈ। ਅਹਿਮ ਤੱਥ ਇਹ ਹੈ ਕਿ ਪਿਛਲੇ ਸਾਲ ਪਹਿਲੀ ਜੂਨ ਤੋਂ 21 ਅਗਸਤ ਦੌਰਾਨ ਸਰਹੱਦ ਪਾਰ ਤੋਂ ਜੋ ਤਸਕਰੀ ਦੇ ਮਾਮਲੇ ਸਾਹਮਣੇ ਆਏ ਸਨ ਉਨ੍ਹਾਂ ’ਚ ਲਗਪਗ 40 ਕਿੱਲੋ ਹੈਰੋਇਨ ਬਰਾਮਦ ਹੋਈ ਹੈ, ਜਦਕਿ ਇਸ ਸਾਲ ਇਹ ਬਰਾਮਦਗੀ 2 ਕੁਇੰਟਲ ਤੱਕ ਕੀਤੀ ਗਈ ਹੈ। 


ਇਸ ਸਾਲ ਪਹਿਲੀ ਜਨਵਰੀ ਤੋਂ 31 ਮਈ ਤੱਕ 44 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਹੜ੍ਹਾਂ ਦਾ ਲਾਹਾ ਲੈ ਕੇ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਦੇਸ਼ ਵਿੱਚ ਭੇਜੀਆਂ ਜਾ ਰਹੀਆਂ ਹਨ। ਹੜ੍ਹਾਂ ਕਾਰਨ ਕਈ ਥਾਵਾਂ ’ਤੇ ਕੰਡਿਆਲੀ ਤਾਰ ਉੱਖੜਨ ਕਰਕੇ ਵੀ ਇਨ੍ਹਾਂ ਮਾਮਲਿਆਂ ਨੂੰ ਹੁਲਾਰਾ ਮਿਲਿਆ ਹੈ। ਇਸ ਸਬੰਧ ਵਿੱਚ ਪੁਲਿਸ ਨੇ ਹੁਣ ਤੱਕ ਲਗਪਗ ਦੋ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।