ਗੁਰਦਾਸਪੁਰ: ਪਿੰਡ ਭਾਮੜੀ ਵਿਖੇ ਦਿੱਲੀ ਜੰਮੂ ਕਟੜਾ ਐਕਸਪ੍ਰੈੱਸ ਹਾਈਵੇਅ ਦੇ ਕੰਮ ਨੂੰ ਰੋਕ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਅੱਜ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਪ੍ਰਸਾਸ਼ਨ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ।
ਕਿਸਾਨਾਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਹਾਈਵੇ ਲਈ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀ ਜਾ ਰਹੀ ਹੈ ਅਤੇ ਇਸ ਬਦਲੇ ਦਿੱਤੇ ਜਾ ਰਹੇ ਮੁਆਵਜੇ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ। ਕਿਸਾਨ ਆਗੂ ਸਵਿੰਦਰ ਸਿੰਘ ਚੂਤਾਲਾ ਅਤੇ ਹਰਵਿੰਦਰ ਸਿੰਘ ਖਜਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਬਣਾਉਣ ਜਾ ਰਹੀ ਹੈ ਜਿਸ ਲਈ ਜਿਥੋਂ ਵੀ ਇਹ ਹਾਈਵੇ ਲੰਘੇਗਾ ਓਥੋਂ ਦੀ ਜਮੀਨ ਸਰਕਾਰ ਵਲੋਂ ਅਕਵਾਇਰ ਕੀਤੀ ਜਾ ਰਹੀ ਹੈ।
ਓਹਨਾ ਕਿਹਾ ਕਿ ਸਰਕਾਰ ਹਾਈਵੇ ਜਰੂਰ ਬਣਾਵੇ ਪਰ ਇਸ ਹਾਈਵੇ ਲਈ ਜੋ ਜਮੀਨ ਅਕਵਾਇਰ ਕੀਤੀ ਜਾ ਰਹੀ ਉਸਦੇ ਲਈ ਜੋ ਮੁਆਵਜ਼ਾ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ ਉਹ ਇਕ ਸਾਰ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ ਤਾਂ 1 ਕਰੋੜ ਪ੍ਰਤੀ ਏਕੜ ਦਾ ਦਿਤਾ ਜਾ ਰਿਹਾ ਹੈ, ਕਿਸੇ ਨੂੰ 50 ਲੱਖ ਦਿੱਤਾ ਜਾ ਰਿਹਾ ਹੈ ਅਤੇ ਕਿਸੇ ਨੂੰ 25 ਲੱਖ ਦਿਤਾ ਜਾ ਰਿਹਾ ਹੈ ।
ਓਹਨਾ ਦਾ ਕਹਿਣਾ ਸੀ ਕਿ ਸਰਕਾਰ ਇਸ ਤਰ੍ਹਾਂ ਦਾ ਵਿਤਕਰਾ ਨਾ ਕਰੇ ਕਿਸਾਨਾਂ ਦਾ ਜੋ ਹੱਕ ਬਣਦਾ ਹੈ ਇੱਕ ਸਾਰ ਦਿੱਤਾ ਜਾਵੇ ਜਦੋ ਜਮੀਨ ਦਾ ਮੁੱਲ ਇਕ ਸਾਰ ਹੈ ਤਾਂ ਫਿਰ ਸਰਕਾਰ ਇਸ ਤਰ੍ਹਾਂ ਦੇ ਵਾਧੇ ਘਾਟੇ ਕਰ ਰਹੀ ਹੈ । ਜਮੀਨ ਦਾ ਜੋ ਮੁੱਲ ਹੈ ਉਸ ਹਿਸਾਬ ਨਾਲ ਪੈਸੇ ਕਿਸਾਨਾਂ ਦੇ ਖ਼ਾਤਿਆ ਵਿੱਚ ਪਹਿਲਾਂ ਪਾਵੇ ਅਤੇ ਫਿਰ ਜਮੀਨ ਅਕਵਾਇਰ ਕਰੇ ਓਹਨਾ ਦਾ ਕਹਿਣਾ ਸੀ ਕਿ ਜਦ ਤਕ ਓਹਨਾ ਦੀ ਮੰਗ ਨਹੀਂ ਮੰਨੀ ਜਾਂਦੀ ਤਦ ਤਕ ਹਾਈਵੇ ਵਾਸਤੇ ਜ਼ਮੀਨਾਂ ਵਿੱਚ ਨਾ ਤਾਂ ਨਿਸ਼ਾਨੀ ਲਗਾਉਣ ਦਿੱਤੀ ਜਾਵੇਗੀ ਅਤੇ ਨਾ ਹੀ ਹਾਈਵੇਅ ਬਣਾਉਣ ਦਿੱਤਾ ਜਾਵੇਗਾ।