ਸਮਰਾਲਾ: ਪੰਜਾਬ ਦੀ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਸਮਰਾਲਾ 'ਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਹਨ। ਅਕਾਲੀ ਵਰਕਰ ਦੇ ਘਰ ਉੱਪਰ ਫਾਇਰਿੰਗ ਹੋਈ ਤੇ ਵੱਡੀ ਗੱਲ ਇਹ ਹੈ ਕਿ 'ਆਪ' ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਇਸ ਪਿੰਡ ਦੇ ਹਨ ਜਿਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ।



ਦਿਆਲਪੁਰਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਉਪਰ ਫਾਇਰਿੰਗ ਹੋਈ। ਘਰ ਦੇ ਗੇਟ ਉਪਰ ਗੋਲੀਆਂ ਚਲਾਈਆਂ ਗਈਆਂ ਤੇ ਫਿਰ ਕਾਰ ਉਪਰ ਫਾਇਰਿੰਗ ਕੀਤੀ ਗਈ। ਹਮਲਾਵਰ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ ਹਨ ਜਿਸ ਆਧਾਰ 'ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪਿੰਡ ਵਾਸੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਸਿਰਫ ਗੋਲੀਆਂ ਚੱਲਣ ਦੀ ਆਵਾਜ਼ ਹੀ ਸੁਣਾਈ ਦਿੱਤੀ। ਮੌਕੇ ਤੇ ਪੁੱਜੇ ਅਕਾਲੀ ਦਲ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਸਮਰਾਲਾ 'ਚ ਅਕਾਲੀ ਦਲ ਵਰਕਰਾਂ ਉਪਰ ਗੋਲੀਆਂ ਚੱਲ ਰਹੀਆਂ ਹਨ। ਪੁਲਿਸ ਹਮਲਾਵਰਾਂ ਨੂੰ ਲੱਭ ਨਹੀਂ ਸਕੀ। ਜੇਕਰ ਦੋਸ਼ੀ ਨਾ ਫੜੇ ਗਏ ਤਾਂ ਉਨ੍ਹਾਂ ਵੱਲੋਂ ਇਸ ਖਿਲਾਫ ਸੜਕਾਂ ਤੇ ਪ੍ਰਦਰਸ਼ਨ ਕੀਤਾ ਜਾਵੇਗਾ।

ਐਸਐਚਓ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਜਿਨ੍ਹਾਂ ਦੇ ਘਰ ਗੋਲੀਆਂ ਚੱਲੀਆਂ ਨੇ, ਉਸ 'ਤੇ ਕਈ ਪਰਚੇ ਦਰਜ ਹਨ।