ਰਵਨੀਤ ਕੌਰ ਦੀ ਰਿਪੋਰਟ



Punjab News : ਅੱਤਵਾਦੀ ਜਥੇਬੰਦੀ ਨੇ ਪੰਜਾਬ ਦੇ ਰਾਜਪਾਲ,  ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਇਸ ਮਗਰੋਂ ਪੂਰਾ ਪੰਜਾਬ ਅਲਰਟ 'ਤੇ ਹੈ। ਪੁਲਿਸ ਤੇ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਪੁਲਿਸ ਨੇ ਅਹਿਮ ਸਥਾਨਾਂ ਦੀ ਚੈਕਿੰਗ ਵਧਾ ਦਿੱਤੀ ਹੈ। ਪੁਲਿਸ ਇਸ ਚਿੱਠੀ ਬਾਰੇ ਵੀ ਜਾਂਚ ਵਿੱਚ ਜੁੱਟ ਗਈ ਹੈ।






ਦੱਸ ਦਈਏ ਕਿ ਪੰਜਾਬ ਦੇ ਕਪੂਰਥਲਾ ਸਟੇਸ਼ਨ ਦੇ ਡੀਆਰਐਮ ਨੂੰ ਮਿਲੇ ਪੱਤਰ 'ਚ ਸੁਲਤਾਨਪੁਰ ਲੋਧੀ, ਲੋਹੀਆਂ ਖਾਸ, ਫਿਰੋਜ਼ਪੁਰ ਛਾਉਣੀ, ਫਗਵਾੜਾ, ਅੰਮ੍ਰਿਤਸਰ ਤੇ ਤਰਨ ਤਾਰਨ ਸਣੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੱਤਰ ਜੈਸ਼-ਏ-ਮੁਹੰਮਦ ਵੱਲੋਂ ਲਿਖਿਆ ਗਿਆ ਹੈ। ਹਾਲਾਂਕਿ ਇਸ 'ਤੇ ਕਿਸੇ ਤਰੀਕ ਜਾਂ ਦਿਨ ਦਾ ਕੋਈ ਜ਼ਿਕਰ ਨਹੀਂ ਹੈ।

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੋਂ ਮਿਲਿਆ ਧਮਕੀ ਭਰਿਆ ਪੱਤਰ





ਇਹ ਧਮਕੀ ਭਰਿਆ ਪੱਤਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੋਂ ਮਿਲਿਆ ਹੈ। ਸਟੇਸ਼ਨ ਮਾਸਟਰ ਦੇ ਨਾਂ ਆਇਆ ਇਹ ਪੱਤਰ ਪੜ੍ਹ ਕੇ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਇਸ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਟੇਸ਼ਨ ਮਾਸਟਰ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਧਮਕੀ ਭਰਿਆ ਪੱਤਰ ਅੰਗਰੇਜ਼ੀ ਨੋਟਬੁੱਕ ਦੇ ਪੰਨੇ 'ਤੇ ਹਿੰਦੀ 'ਚ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਜਿਸ ਲਿਫਾਫੇ 'ਚ ਪੱਤਰ ਭੇਜਿਆ ਗਿਆ ਹੈ। ਉਸ 'ਤੇ ਡਾਕ ਟਿਕਟ ਵੀ ਲੱਗੀ ਹੋਈ ਹੈ, ਪਰ ਕਿਸੇ ਵੀ ਡਾਕਘਰ ਦੀ ਕਾਲੇ ਰੰਗ ਦੀ ਸੀਲ ਨਹੀਂ ਹੈ।

 ਕੀ ਕਿਹਾ ਸਟੇਸ਼ਨ ਮਾਸਟਰ ਦਾ?

ਇਸ ਨਾਲ ਹੀ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਅੱਜ ਡਾਕ ਰਾਹੀਂ ਮਿਲੇ ਧਮਕੀ ਪੱਤਰ 'ਚ ਕਿਹਾ ਗਿਆ ਹੈ ਕਿ ਬਦਲਾ ਲੈਣ ਲਈ 21 ਮਈ ਤਕ ਸੁਲਤਾਨਪੁਰ ਲੋਧੀ, ਫਿਰੋਜ਼ਪੁਰ ਤੇ ਜਲੰਧਰ ਵਰਗੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਉਡਾ ਦਿੱਤਾ ਜਾਵੇਗਾ। ਇਸ 'ਚ ਕਿਹਾ ਗਿਆ ਹੈ ਕਿ ਸੀਐਮ ਮਾਨ ਤੇ ਕੁਝ ਹੋਰਾਂ 'ਤੇ ਵੀ ਹਮਲਾ ਕੀਤਾ ਜਾਵੇਗਾ।

ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ

ਜ਼ਿਕਰਯੋਗ ਹੈ ਕਿ 21 ਮਈ ਤਕ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਦਿੱਤੀ ਗਈ। ਇਧਰ ਮੀਡੀਆ 'ਚ ਧਮਕੀ ਭਰਿਆ ਪੱਤਰ ਵਾਇਰਲ ਹੋਣ ਤੋਂ ਚਾਰ ਘੰਟਿਆਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਿਸ ਰੇਲਵੇ ਸਟੇਸ਼ਨ 'ਤੇ ਪਹੁੰਚੀ ਜਿਸ ਤੋਂ ਬਾਅਦ ਰੇਲਵੇ ਸਟੇਸ਼ਨ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ।

ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ, ਜੰਮੂ ਤੇ ਪਠਾਨਕੋਰਟ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੇਲਵੇ ਸਟੇਸ਼ਨਾਂ 'ਤੇ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।