ਅੰਮ੍ਰਿਤਸਰ : ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਲੈਬਾਰਟਰੀ ਵਿੱਚ  ਸ਼ੁੱਕਰਵਾਰ ਨੂੰ ਪ੍ਰੈਕਟੀਕਲ ਦੌਰਾਨ ਅਚਾਨਕ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਐਮਐਸਸੀ ਫਾਈਨਲ ਦੀ ਵਿਦਿਆਰਥਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੀਆਂ ਅੱਖਾਂ ਅਤੇ ਚਿਹਰੇ ਨੂੰ ਨੁਕਸਾਨ ਪਹੁੰਚਿਆ ਹੈ। ਵਿਦਿਆਰਥਣ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


 


ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰਡੀਐਫ) ਦਾ ਪ੍ਰੈਕਟੀਕਲ ਕਰ ਰਹੇ ਸਨ। ਉਹ ਆਰਡੀਐਫ ਭਾਵ ਵੇਸਟ ਮਟੀਰੀਅਲ ਤੋਂ ਬਾਲਣ ਤਿਆਰ ਕਰਨ ਦਾ ਪ੍ਰੈਕਟੀਕਲ ਕਰ ਰਹੇ ਸਨ। ਇਸ ਦੌਰਾਨ ਗਲਤ ਕੈਮੀਕਲ ਰਿਐਕਸ਼ਨ ਹੋਇਆ ਅਤੇ ਜ਼ੋਰਦਾਰ ਧਮਾਕਾ ਹੋਇਆ। ਪ੍ਰੈਕਟੀਕਲ ਕਰ ਰਹੀ ਮੁਸਕਾਨ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਈ, ਜਦਕਿ ਲੈਬ 'ਚ ਖੜ੍ਹੇ ਕਈ ਵਿਦਿਆਰਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ।

 

ਦੱਸਿਆ ਜਾ ਰਿਹਾ ਹੈ ਕਿ ਐਮਐਸਸੀ ਫਾਈਨਲ ਦੀ ਇੱਕ ਵਿਦਿਆਰਥਣ ਬੋਤਲ ਵਿੱਚ ਹੋਰ ਟੂਲਜ਼ ਨਾਲ ਪ੍ਰਯੋਗ ਕਰ ਰਹੀ ਸੀ। ਫਿਰ ਜਦੋਂ ਬੋਤਲ ਟੁੱਟ ਗਈ ਤਾਂ ਧਮਾਕਾ ਹੋਇਆ। ਇਸ ਗੱਲ ਦੀ ਪੁਸ਼ਟੀ ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਵੀ ਕੀਤਾ। ਧਮਾਕੇ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸਥਿਤ ਸੈਮੀਨਾਰ ਹਾਲ ਵਿੱਚ ਹੋਏ ਵਿਸ਼ੇਸ਼ ਸੈਮੀਨਾਰ ਵਿੱਚ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀ ਮੌਜੂਦ ਸਨ।

 

ਇਸ ਧਮਾਕੇ ਕਾਰਨ ਵਿਦਿਆਰਥਣ ਦੇ ਚਿਹਰੇ ਅਤੇ ਅੱਖਾਂ 'ਤੇ ਕੈਮੀਕਲ ਦਾ ਮਿਸ਼ਰਣ ਡਿੱਗ ਗਿਆ। ਸ਼ੀਸ਼ੇ ਨਾਲ ਵੱਜਣ ਕਾਰਨ ਉਹ ਜ਼ਖਮੀ ਹੋ ਗਈ। ਧਮਾਕੇ ਦੇ ਸਮੇਂ ਉਹ ਉਸ ਦੇ ਸਭ ਤੋਂ ਨੇੜੇ ਸੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਮੁਸਕਾਨ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹੁਣ ਵਿਦਿਆਰਥਣ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। 

 

ਦੱਸ ਦੇਈਏ ਕਿ ਜੀਐਨਡੀਯੂ ਦੀ ਪ੍ਰਯੋਗਸ਼ਾਲਾ ਵਿੱਚ ਧਮਾਕੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਫਾਰਮਾਸਿਊਟੀਕਲ ਵਿਭਾਗ ਵਿੱਚ ਵੀ ਅਜਿਹੇ ਧਮਾਕਿਆਂ ਦੌਰਾਨ ਭਾਰੀ ਮਾਲੀ ਨੁਕਸਾਨ ਹੋਇਆ ਸੀ। ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਲੈਬਾਰਟਰੀ ਵਿੱਚ ਹਰ ਤਰ੍ਹਾਂ ਦੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਦੇ ਹਨ। ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਪਰ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ। ਇਸ ਅਚਾਨਕ ਹੋਏ ਹਾਦਸੇ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।