Punjab News: ਮਾਨ ਸਰਕਾਰ ਲਗਾਤਾਰ ਨੌਜਵਾਨ ਦੇ ਚੰਗੇ ਭਵਿੱਖ ਦੇ ਲਈ ਨਵੇਂ ਅਤੇ ਵੱਖਰੇ ਉਪਰਾਲੇ ਕਰ ਰਹੀ ਹੈ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਹੁਣ ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਨਵਾਂ ਯਤਨ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗ੍ਰੈਜੂਏਟ (B.A. Pass) ਉਮੀਦਵਾਰਾਂ ਨੂੰ ਪੰਜਾਬੀ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ’ਤੇ ਚਲਾਏ ਜਾ ਰਹੇ ਸਿਖਲਾਈ ਕੇਂਦਰਾਂ ਵਿਚ ਇਕ ਸਾਲ ਦੀ ਮੁਫ਼ਤ ਟਰੇਨਿੰਗ ਦੇਣ ਲਈ 20 ਅਗਸਤ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ। 


 



ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਅਨੁਸੂਚਿਤ ਜਾਤੀ ਦੇ ਸਿਰਫ਼ ਬੇਰੁਜ਼ਗਾਰ ਉਮੀਦਵਾਰ ਜਿਸ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਅਤੇ ਦਸਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।



 


ਕੈਬਨਿਟ ਮੰਤਰੀ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰ ਆਪਣੀ ਦਰਖਾਸਤ ਨਿਰਧਾਰਿਤ ਪ੍ਰੋਫਾਰਮੇ ਵਿਚ ਆਪਣੇ ਜ਼ਿਲ੍ਹੇ ਦੇ ਸਬੰਧਤ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸਰਕਾਰੀ ਕਾਲਜ, ਫੇਜ਼-6, ਐੱਸ.ਏ.ਐੱਸ. ਨਗਰ ਨੂੰ ਆਪਣੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਨਕਲਾਂ ਤੇ ਮੌਜੂਦਾ ਪਾਸਪੋਰਟ ਸਾਈਜ਼ ਦੀ ਫੋਟੋ ਸਹਿਤ ਪ੍ਰੋਫਾਰਮੇ ਵਿਚ ਮਿਤੀ 20 ਅਗਸਤ 2023 ਤੱਕ ਭੇਜ ਸਕਦੇ ਹਨ।



ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰ ਇੰਟਰਵਿਊ ਲਈ ਮਿਤੀ 28-08-2023 ਨੂੰ ਸਵੇਰੇ 09:00 ਵਜੇ ਤੱਕ ਸਬੰਧਤ ਜ਼ਿਲ੍ਹੇ ਦੇ ਜਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵਿਚ ਆਪਣੇ ਅਸਲ ਸਰਟੀਫਿਕੇਟਸ ਸਹਿਤ ਇੰਟਰਵਿਊ ਲਈ ਹਾਜ਼ਰ ਹੋਵੇ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਸਟੈਨੋਗ੍ਰਾਫੀ ਦੀ ਟ੍ਰੇਨਿੰਗ ਭਾਸ਼ਾ ਵਿਭਾਗ, ਪੰਜਾਬ ਵੱਲੋਂ ਜਿਲ੍ਹਾ ਪੱਧਰ ਤੇ ਚਲਾਏ ਜਾ ਰਹੇ ਸਿਖਲਾਈ ਕੇਂਦਰ ਪਟਿਆਲਾ, ਸੰਗਰੂਰ, ਜਲੰਧਰ, ਰੂਪਨਗਰ ਅਤੇ ਚੰਡੀਗੜ੍ਹ (ਕੈਂਪਸ ਐਟ ਫੇਜ਼-6, ਐੱਸ.ਏ.ਐੱਸ. ਨਗਰ) ਵਿਖੇ ਭਾਸ਼ਾ ਵਿਭਾਗ ਦੇ ਸਥਾਪਿਤ ਸੈਂਟਰਾਂ ਵਿਚ ਦਿੱਤੀ ਜਾਣੀ ਹੈ। ਇਹਨਾ ਸਿਖਲਾਈ ਕੇਂਦਰਾਂ ਵਿੱਚ ਕੁੱਲ 80 ਸੀਟਾਂ ਹਨ, ਜਿਨ੍ਹਾਂ ਵਿਚੋਂ ਚੰਡੀਗੜ੍ਹ (ਕੈਂਪਸ ਐਟ ਐਸ.ਏ.ਐਸ. ਨਗਰ) ਵਿਖੇ ਚੱਲ ਰਹੇ ਸੈਂਟਰ ਲਈ 20 ਅਤੇ ਬਾਕੀ ਸੈਂਟਰਾਂ ਵਿੱਚ 15-15 ਸੀਟਾਂ ਹਨ।


ਮੰਤਰੀ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 250/- ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਪੰਜਾਬੀ ਸਟੈਨੋਗ੍ਰਾਫੀ (ਭਾਸ਼ਾ ਵਿਭਾਗ) ਦੀ ਸਿਖਲਾਈ ਪ੍ਰਾਪਤ ਕਰਨ ਸਬੰਧੀ ਦਾਖ਼ਲੇ ਲਈ ਪ੍ਰੋਫਾਰਮਾ ਵਿਭਾਗ ਦੀ ਵੈੱਬਸਾਈਟ www.welfare.punjab.gov.in ’ਤੇ ਉਪਲੱਬਧ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


Education Loan Information:

Calculate Education Loan EMI