ਪੰਜਾਬ ਸਰਕਾਰ ਨੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ 2025 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤੀ ਗਈ ਹੈ।

ਸਰਕਾਰ ਵੱਲੋਂ ਸਾਲ 2025-26 ਲਈ ਕੁੱਲ 28 ਰਾਖਵੀਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਰਾਖਵੀਂ ਛੁੱਟੀਆਂ ਵਿੱਚੋਂ ਸਰਕਾਰੀ ਕਰਮਚਾਰੀ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਦੋ ਛੁੱਟੀਆਂ ਲੈ ਸਕਦੇ ਹਨ। 31 ਜੁਲਾਈ ਵਾਲੀ ਛੁੱਟੀ ਵੀ ਇਸੇ ਲਿਸਟ ਵਿੱਚ ਸ਼ਾਮਿਲ ਹੈ।

 

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਛੁੱਟੀ ਗਜ਼ਟਿਡ ਨਹੀਂ ਹੈ, ਅਰਥਾਤ ਇਹ ਲਾਜ਼ਮੀ ਨਹੀਂ ਕਿ ਇਸ ਦਿਨ ਸਾਰੇ ਦਫ਼ਤਰ, ਸਕੂਲ, ਕਾਲਜ ਜਾਂ ਦੁਕਾਨਾਂ ਬੰਦ ਰਹਿਣ। ਸਿਰਫ਼ ਉਹ ਸਰਕਾਰੀ ਕਰਮਚਾਰੀ, ਜੋ ਇਸ ਦਿਨ ਨੂੰ ਵਿਸ਼ੇਸ਼ ਮੰਨਦੇ ਹਨ, ਛੁੱਟੀ ਲਈ ਅਰਜ਼ੀ ਦੇ ਸਕਦੇ ਹਨ।

ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੀ ਵੀਰਤਾ ਅਤੇ ਦੇਸ਼ਭਗਤੀ ਲਈ ਪੂਰੇ ਦੇਸ਼ ਵਿੱਚ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਐਲਾਨ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਵੱਲ ਇਕ ਸਕਾਰਾਤਮਕ ਪਹਿਲ ਮੰਨੀ ਜਾ ਰਹੀ ਹੈ।

ਭਾਰਤੀ ਇਤਿਹਾਸ 'ਚ ਸ਼ਹੀਦ ਊਧਮ ਸਿੰਘ ਦਾ ਨਾਂਅ ਬਹੁਤ ਅਹਿਮ ਹੈ

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਦੇ ਅਣਖੀਲੇ ਯੋਧਿਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ। ਕਈ ਸਾਲ ਜੱਦੋ-ਜਹਿਦ ਕਰਕੇ ਜੱਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਦਾ ਨਾਂ ਦੇਸ਼ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਮੂਹਰਲੀ ਕਤਾਰ 'ਚ ਆਉਂਦਾ ਹੈ।

21 ਸਾਲਾਂ ਦੀ ਤਪੱਸਿਆ ਤੋਂ ਬਾਅਦ ਜੱਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਦਾ ਜਨਮ ਨਰੈਣ ਕੌਰ ਉਰਫ ਹਰਨਾਮ ਕੌਰ ਅਤੇ ਚੂਹੜ ਸਿੰਘ ਉਰਫ ਟਹਿਲ ਸਿੰਘ ਦੇ ਘਰ 26 ਦਸੰਬਰ 1899 ਈ. ਨੂੰ ਸੁਨਾਮ (ਸੰਗਰੂਰ) ਵਿੱਚ ਹੋਇਆ। 

ਉਨ੍ਹਾਂ ਦੇ ਮਨ ਉੱਤੇ 13 ਅਪ੍ਰੈਲ 1919 ਨੂੰ ਹੋਈ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਡੂੰਘਾ ਅਸਰ ਪਾਇਆ ਸੀ, ਉਨ੍ਹਾਂ ਨੇ ਬਦਲਾ ਲੈਣ ਦੀ ਗੱਲ ਠਾਨ ਲਈ ਸੀ। ਊਧਮ ਸਿੰਘ ਨੇ 13 ਮਾਰਚ 1940 ਨੂੰ ਲੰਡਨ ਵਿਚ ਮਾਇਕਲ ਓ'ਡਵਾਇਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਜੋ ਕਿ ਜਲ੍ਹਿਆਂਵਾਲਾ ਬਾਗ ਕਾਂਡ ਦੇ ਸਮੇਂ ਪੰਜਾਬ ਦਾ ਲੈਫਟਿਨੈਂਟ ਗਵਰਨਰ ਸੀ। ਉਹਨਾਂ ਨੂੰ 31 ਜੁਲਾਈ 1940 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਉਨ੍ਹਾਂ ਦੀ ਸ਼ਹਾਦਤ ਭਾਰਤੀ ਇਤਿਹਾਸ 'ਚ ਕਦੇ ਨਾ ਭੁੱਲੇ ਜਾਣ ਵਾਲੀ ਘਟਨਾ ਬਣ ਗਈ ਅਤੇ ਉਹਨਾਂ ਨੂੰ ਭਾਰਤ ਦੇ ਸ਼ਹੀਦਾਂ ਵਿੱਚ ਉੱਚ ਦਰਜਾ ਦਿੱਤਾ ਜਾਂਦਾ ਹੈ।