Who is Amrita Waring: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਆਪਣੀ ਸੂਚੀ ਵਿੱਚ ਦੋ ਸੀਟਾਂ 'ਤੇ ਆਪਣੇ ਪੁਰਾਣੇ ਵਿਧਾਇਕਾਂ, ਜੋ ਸੰਸਦ ਮੈਂਬਰ ਬਣ ਚੁੱਕੇ ਹਨ, ਦੀਆਂ ਪਤਨੀਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦੇ ਨਾਲ ਹੀ ਦੋ ਸੀਟਾਂ 'ਤੇ ਨਵੇਂ ਚਿਹਰੇ ਮੈਦਾਨ 'ਚ ਹਨ। 


ਜਾਣਕਾਰੀ ਲਈ ਦੱਸ ਦੇਈਏ ਕਿ ਗਿੱਦੜਬਾਹਾ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਪਣੀ ਸੀਟ ਛੱਡ ਦਿੱਤੀ ਸੀ। ਹੁਣ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਖਬਰ ਰਾਹੀਂ ਅਸੀ ਤੁਹਾਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਜਿਸ ਤੋਂ ਸ਼ਾਇਦ ਤੁਸੀ ਵੀ ਅਣਜਾਣ ਹੋਵੋਗੇ। 



ਕੌਣ ਹਨ ਅੰਮ੍ਰਿਤਾ ਵੜਿੰਗ ?


ਦੱਸ ਦੇਈਏ ਕਿ 45 ਸਾਲਾਂ ਅੰਮ੍ਰਿਤਾ ਵੜਿੰਗ ਪਹਿਲੀ ਵਾਰ ਰਾਜਨੀਤੀ ’ਚ ਕਦਮ ਰੱਖਣ ਵਾਲੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਪਤੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਂਗ ਪਹਿਲਾਂ ਹੀ ਲੋਕਾਂ ਵਿਚਾਲੇ ਵੱਖਰਾ ਸਥਾਨ ਬਣਾ ਲਿਆ ਹੈ। ਅੰਮ੍ਰਿਤਾ ਦੇ ਪਹਿਲਾਂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੀ ਉਮੀਦ ਸੀ, ਪਰ ਪਾਰਟੀ ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ। ਪਰ ਹੁਣ ਉਹ ਗਿੱਦੜਬਾਹਾ ਤੋਂ ਚੋਣ ਲੜਨਗੇ। 


ਅੰਮ੍ਰਿਤਾ ਵੜਿੰਗ ਦੀ ਗੱਲ ਕਰਿਏ ਤਾਂ ਉਹ ਆਸਰਾ ਫਾਊਂਡੇਸ਼ਨ ਦੇ ਸੰਸਥਾਪਕ ਹਨ। ਇਹ ਇੱਕ ਐਨਜੀਓ ਹੈ ਜਿੱਥੇ ਉਨ੍ਹਾਂ ਵੱਲੋਂ ਲੋੜਵੰਦਾਂ ਦੀ ਸੇਵਾ ਕਰਦੀ ਹੈ ਅਤੇ ਮੁੱਖ ਤੌਰ 'ਤੇ ਇਸ ਐਨਜੀਓ ਵੱਲੋਂ ਸਿੱਖਿਆ ਅਤੇ ਸਿਹਤ ਸੰਭਾਲ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਇਸ ਫਾਊਂਡੇਸ਼ਨ ਦੇ ਅਧੀਨ ਹਾਲ ਹੀ ਵਿੱਚ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ ਸੀ ਅਤੇ ਲਗਭਗ 10,000 ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਸੀ, ਕਿਉਂਕਿ ਐਨਜੀਓ ਨੇ ਉਹਨਾਂ ਨੂੰ ਇਸ ਡਰਾਈਵ ਵਿੱਚ ਐਨਕਾਂ ਪ੍ਰਦਾਨ ਕੀਤੀਆਂ ਸਨ।


ਇਸੇ ਤਰ੍ਹਾਂ ਸੰਸਥਾ ਵੱਲੋਂ ਕੋਵਿਡ ਦੌਰਾਨ ਲੋੜਵੰਦਾਂ ਨੂੰ ਮੁਫਤ ਰਾਸ਼ਨ, ਬੱਚਿਆਂ ਨੂੰ ਸਵੈਟਰ ਅਤੇ ਸਕੂਲੀ ਵਰਦੀਆਂ ਮੁਹੱਈਆ ਕਰਵਾਈਆਂ ਗਈਆਂ ਅਤੇ ਐਨਜੀਓ ਵੱਲੋਂ ਕਈ ਹੋਰ ਸਮਾਜਿਕ ਉਪਰਾਲੇ ਵੀ ਕੀਤੇ ਜਾ ਰਹੇ ਹਨ। 


ਅੰਮ੍ਰਿਤਾ ਵੜਿੰਗ ਦੀ ਸਿੱਖਿਆ


ਇਸਦੇ ਨਾਲ ਹੀ ਜੇਕਰ ਅੰਮ੍ਰਿਤਾ ਵੜਿੰਗ ਦੀ ਸਿੱਖਿਆ ਦੀ ਗੱਲ ਕਰਿਏ ਤਾਂ ਉਨ੍ਹਾਂ ਨੇ ਕੰਪਿਊਟਰ ਐਪਲੀਕੇਸ਼ਨ ’ਚ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਹੋਈ ਹੈ। 


ਗਿੱਦੜਬਾਹਾ ਤੋਂ ਟਿਕਟ ਮਿਲਣ ’ਤੇ ਕੀ ਬੋਲੇ ਅੰਮ੍ਰਿਤਾ ਵੜਿੰਗ 


ਦੱਸ ਦੇਈਏ ਕਿ ਗਿੱਦੜਬਾਹਾ ਤੋਂ ਟਿਕਟ ਮਿਲਣ ’ਤੇ ਅੰਮ੍ਰਿਤਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਮੇਰਾ ਟੀਚਾ ਸਿਰਫ ਜਿੱਤ ਹਾਸਿਲ ਕਰਨਾ ਹੈ। ਉਨ੍ਹਾਂ ਇਸ ਮੌਕੇ ਕਾਂਗਰਸ ਹਾਈਕਮਾਨ ਤੇ ਪਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਅੰਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ। 


ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਇੱਥੇ ਵੇਖੋ ਲਿਸਟ