ਮਨਪ੍ਰੀਤ ਕੌਰ ਦੀ ਰਿਪੋਰਟਚੰਡੀਗੜ੍ਹ: ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Parshant Kishore) ਨੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਸਲਾਹ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੂੰਘੀਆਂ ਜੜ੍ਹਾਂ ਬਣਾ ਚੁੱਕੀਆਂ ਢਾਂਚਾਗਤ ਸਮੱਸਿਆਵਾਂ ਨੂੰ ਪਰਿਵਰਤਨਸ਼ੀਲ ਸੁਧਾਰਾਂ ਰਾਹੀਂ ਸੁਲਝਾਉਣ ਲਈ ਮੇਰੀ ਥਾਂ 'ਤੇ ਲੀਡਰਸ਼ਿਪ, ਸਮੂਹਿਕ ਇੱਛਾ ਸ਼ਕਤੀ ਦੀ ਲੋੜ ਹੈ। ਪ੍ਰਸ਼ਾਂਤ ਕਿਸ਼ੋਰ ਦੇ ਇਸ ਬਿਆਨ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ, ''ਮੇਰੇ ਪੁਰਾਣੇ ਦੋਸਤ ਪੀਕੇ ਨਾਲ ਸ਼ਾਨਦਾਰ ਮੁਲਾਕਾਤ ਹੋਈ। ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਤੇ ਪੁਰਾਣੇ ਦੋਸਤ ਸਭ ਤੋਂ ਵਧੀਆ ਹੁੰਦੇ ਹਨ।"
ਕਾਂਗਰਸ ਨੇ ਪੀਕੇ ਨੂੰ ਲੈ ਕੇ ਦਿੱਤਾ ਇਹ ਬਿਆਨਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਪੇਸ਼ਕਾਰੀ ਤੇ ਉਨ੍ਹਾਂ ਨਾਲ ਚਰਚਾ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ 'ਪ੍ਰੀਵਿਲੇਜਡ ਵਰਕਿੰਗ ਗਰੁੱਪ-2024' ਦਾ ਗਠਨ ਕੀਤਾ ਤੇ ਕਿਸ਼ੋਰ ਨੂੰ ਨਿਰਧਾਰਤ ਜ਼ਿੰਮੇਵਾਰੀ ਨਾਲ ਇਸ ਗਰੁੱਪ ਦਾ ਹਿੱਸਾ ਬਣ ਕੇ ਪਾਰਟੀ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅਸੀਂ ਉਨ੍ਹਾਂ ਦੇ ਯਤਨਾਂ ਤੇ ਪਾਰਟੀ ਨੂੰ ਦਿੱਤੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ। ਸੁਰਜੇਵਾਲਾ ਦੀ ਟਿੱਪਣੀ ਤੋਂ ਥੋੜ੍ਹੀ ਦੇਰ ਬਾਅਦ, ਕਿਸ਼ੋਰ ਨੇ ਟਵੀਟ ਕੀਤਾ, "ਮੈਂ ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ ਦੇ ਹਿੱਸੇ ਵਜੋਂ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਲਈ ਕਾਂਗਰਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹਾਂ।" ਪ੍ਰਸ਼ਾਂਤ ਕਿਸ਼ੋਰ ਦੇ ਸੁਝਾਅ 'ਤੇ ਕੰਮ ਕਰ ਰਹੀ ਕਾਂਗਰਸਪਿਛਲੇ ਕਈ ਦਿਨਾਂ ਤੋਂ ਕਿਸ਼ੋਰ ਵੱਲੋਂ ਦਿੱਤੇ ਸੁਝਾਵਾਂ ਅਤੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਲੈ ਕੇ ਕਾਂਗਰਸ ਅੰਦਰ ਲਗਾਤਾਰ ਮੰਥਨ ਚੱਲ ਰਿਹਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸ਼ੋਰ ਦੇ ਸੁਝਾਵਾਂ 'ਤੇ ਵਿਚਾਰ ਕਰਨ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ 'ਤੇ ਵਿਚਾਰ ਕਰਨ ਤੋਂ ਬਾਅਦ ਸੋਮਵਾਰ ਨੂੰ ਫੈਸਲਾ ਕੀਤਾ ਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ 'ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ' - 2024' ਦਾ ਗਠਨ ਕੀਤਾ ਜਾਵੇਗਾ।