Punjab News: ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਸੂਬੇ 'ਚ ਆਪਣੇ ਆਪ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਪਾਰਟੀ ਨੂੰ ਜਲਦੀ ਹੀ ਪੰਜਾਬ ਵਿੱਚ ਵੱਡਾ ਝਟਕਾ ਲੱਗ ਸਕਦਾ ਹੈ। ਸੰਗਰੂਰ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਦੋ ਹੋਰ ਸੀਨੀਅਰ ਲੀਡਰ ਕਾਂਗਰਸ ਛੱਡ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ।



ਪ੍ਰਮੁੱਖ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਦੇ ਭਾਜਪਾ ਨਾਲ ਸੰਪਰਕ ਵਿੱਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਆਗੂਆਂ ਨੂੰ ਕਾਂਗਰਸ ਵਿੱਚ ਚੰਗਾ ਭਵਿੱਖ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਆਗੂ ਵੀ ਆਪਣੇ ਲਈ ਨਵੇਂ ਆਪਸ਼ਨਜ਼ ਲੱਭ ਰਹੇ ਹਨ।

ਸੁਨੀਲ ਜਾਖੜ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਏ ਹਨ, ਇਨ੍ਹਾਂ ਆਗੂਆਂ ਨੂੰ ਭਾਜਪਾ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਭਾਜਪਾ ਦੇ ਇੱਕ ਆਗੂ ਨੇ ਦਾਅਵਾ ਕੀਤਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਸਬੰਧੀ ਸਾਰੀ ਸਥਿਤੀ ਸਾਫ਼ ਹੋ ਸਕਦੀ ਹੈ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਨੇਤਾ ਨੇ ਕਿਹਾ ਕਿ ਕੁਝ ਸੰਸਦ ਮੈਂਬਰ, ਸਾਬਕਾ ਵਿਧਾਇਕ ਆਪਣਾ ਦਲ ਬਦਲ ਸਕਦੇ ਹਨ।

ਰਾਜਾ ਵੜਿੰਗ ਨੇ ਦਾਅਵਿਆਂ ਨੂੰ ਕੀਤਾ ਖਾਰਜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲਾਂਕਿ ਅਜਿਹੀਆਂ ਗੱਲਾਂ ਤੋਂ ਇਨਕਾਰ ਕੀਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ''ਅਜਿਹੀਆਂ ਗੱਲਾਂ ਸਿਰਫ ਅਫਵਾਹ ਹਨ। ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਸੱਚਾਈ ਨਹੀਂ ਹੈ।

ਦੱਸ ਦੇਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੀ ਹੈ। ਭਾਜਪਾ ਦੀ ਕੋਸ਼ਿਸ਼ ਹੈ ਕਿ ਕਾਂਗਰਸ ਦੇ ਨਾਰਾਜ਼ ਆਗੂਆਂ ਨੂੰ ਆਪਣੇ ਦਲ 'ਚ ਲਿਆ ਕੇ ਚੋਣਾਂ ਤੋਂ ਪਹਿਲਾਂ ਚੰਗਾ ਮੈਦਾਨ ਬਣਾਇਆ ਜਾਵੇ।