Punjab News: ਹੁਣ ਪੁਲਿਸ ਸ਼ਰਾਬੀ ਵਾਹਨ ਚਾਲਕਾਂ ਨੂੰ ਘਰ ਤੱਕ ਛੱਡ ਕੇ ਆਏਗੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਏਗੀ ਕਿ ਅਜਿਹਾ ਕਰਨ ਤੋਂ ਰੋਕਿਆ ਜਾਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਡਿਊਟੀ ਰੋਡ ਸੇਫਟੀ ਫੋਰਸ ਨੂੰ ਸੌਂਪੀ ਹੈ। ਸੀਐਮ ਮਾਨ ਨੇ ਸ਼ਰਾਬ ਪੀ ਕੇ ਸੜਕ 'ਤੇ ਗੱਡੀ ਨਾ ਚਲਾਉਣ ਦੀ ਚੇਤਾਵਨੀ ਵੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਦਾ SSF ਵੱਲੋਂ ਚਲਾਨ ਵੀ ਕੀਤਾ ਜਾਏਗਾ। ਵਾਹਨ ਜ਼ਬਤ ਕੀਤਾ ਜਾਏਗਾ ਤੇ ਮਾਮੂਲੀ ਫੀਸ ਵਸੂਲਣ ਤੋਂ ਬਾਅਦ ਪੁਲਿਸ ਸ਼ਰਾਬੀ ਨੂੰ ਘਰ ਛੱਡ ਕੇ ਆਏਗੀ। ਇੰਨਾ ਹੀ ਨਹੀਂ ਪੁਲਿਸ ਪਰਿਵਾਰ ਨੂੰ ਡਰਾਈਵਰ 'ਤੇ ਨਜ਼ਰ ਰੱਖਣ ਲਈ ਵੀ ਸਮਝਾਏਗੀ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਰੋਡ ਸੇਫਟੀ ਫੋਰਸ (SSF) ਨੂੰ ਹਰੀ ਝੰਡੀ ਦਿੱਤੀ। ਇਸ ਸਬੰਧੀ ਪੀਏਪੀ ਜਲੰਧਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਤੋਂ ਬਾਅਦ 1239 ਸੈਨਿਕ 144 ਵਾਹਨਾਂ ਨਾਲ ਸੜਕਾਂ 'ਤੇ ਡਟ ਗਏ। ਸੀਐਮ ਮਾਨ ਨੇ ਕਿਹਾ ਕਿ ਇਹ ਫੋਰਸ 1 ਫਰਵਰੀ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗੀ। ਪਹਿਲੇ ਸਾਲ ਹੀ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਅੱਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਰੰਤ 112 'ਤੇ ਕਾਲ ਕਰੋ। 30 ਕਿਲੋਮੀਟਰ ਦੇ ਅੰਦਰ ਘੁੰਮ ਰਹੀ ਐਸਐਸਐਫ ਦੀ ਗੱਡੀ 10 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਜਾਵੇਗੀ। ਜ਼ਖਮੀਆਂ ਦੀ ਮਦਦ ਕੀਤੀ ਜਾਏਗੀ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਤੱਕ ਸਾਰੇ ਪ੍ਰਬੰਧ ਕੀਤੇ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਸੰਸਦ ਮੈਂਬਰ ਸਨ ਤਾਂ ਉਨ੍ਹਾਂ ਨੇ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਮੰਗੇ ਸੀ।
ਦੁਬਈ 'ਚ ਟੋਇਟਾ ਹੈਲੈਕਸ ਗੱਡੀਆਂ ਦੇਖੀਆਂ ਸੀ। ਉਥੋਂ ਦੀ ਪੁਲਿਸ ਇਨ੍ਹਾਂ ਦੀ ਹੀ ਵਰਤੋਂ ਕਰਦੀ ਹੈ। ਉਦੋਂ ਹੀ ਫੈਸਲਾ ਕਰ ਲਿਆ ਕਿ ਉਹ ਇਨ੍ਹਾਂ ਵਾਹਨਾਂ ਨੂੰ ਸੜਕ ਸੁਰੱਖਿਆ ਬਲ ਵਿੱਚ ਵਰਤਣਗੇ। ਇਹ ਵਾਹਨ ਇੰਨੇ ਸ਼ਕਤੀਸ਼ਾਲੀ ਹਨ ਕਿ ਇਹ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਵੀ ਟੋਅ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਸੜਕ 'ਤੇ ਸਟੰਟ ਨਾ ਕਰਨ ਤੇ ਮੌਤ ਨਾਲ ਨਾ ਖੇਡਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫੋਰਸ ਸਟੰਟ ਕਰਨ ਵਾਲਿਆਂ 'ਤੇ ਨਜ਼ਰ ਰੱਖੇਗੀ। ਇਸ ਦੇ ਨਾਲ ਹੀ ਹੁਣ ਹਾਈਵੇਅ 'ਤੇ ਇਨ੍ਹਾਂ ਵਾਹਨਾਂ ਦੇ ਨਾਲ ਸਪੀਡ ਗੰਨ ਕੈਮਰੇ ਵੀ ਲਗਾਏ ਜਾਣਗੇ, ਤਾਂ ਜੋ ਤੇਜ਼ ਰਫ਼ਤਾਰ ਵਾਹਨਾਂ ਦਾ ਪਤਾ ਲਗਾਇਆ ਜਾ ਸਕੇ ਤੇ ਕਾਰਵਾਈ ਕੀਤੀ ਜਾ ਸਕੇ।
ਰਾਜੇਸ਼ ਪਾਇਲਟ ਤੇ ਜਸਪਾਲ ਭੱਟੀ ਦਾ ਨਾਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਈ ਵੱਡੇ ਨਾਂ ਸਿਰਫ਼ ਦੁਰਘਟਨਾ ਨਾਲ ਸਾਡੇ ਕੋਲੋਂ ਖੋਹੇ ਗਏ ਹਨ। ਸਾਨੂੰ ਖੁਦ ਵੀ ਮਨੁੱਖੀ ਗਲਤੀਆਂ ਨੂੰ ਘੱਟ ਕਰਨਾ ਹੋਵੇਗਾ। ਪੁਲਿਸ 'ਤੇ ਜ਼ਿਆਦਾ ਬੋਝ ਹੈ ਤੇ ਸੜਕ ਸੁਰੱਖਿਆ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ 1 ਫਰਵਰੀ ਨੂੰ ਉਹ ਪੂਰੇ ਸਾਲ ਦੇ ਅੰਕੜੇ ਸਾਰਿਆਂ ਨਾਲ ਸਾਂਝੇ ਕਰਨਗੇ ਕਿ SSF ਨੇ ਹਰ ਮਹੀਨੇ ਕਿੰਨੀਆਂ ਜਾਨਾਂ ਬਚਾਈਆਂ। ਇਸ ਦੇ ਨਾਲ ਹੀ ਐਸਐਸਐਫ ਤੋਂ ਵੀ ਉਮੀਦ ਹੈ ਕਿ ਉਹ ਹਰ ਜਾਨ ਬਚਾਉਣ ਤੋਂ ਬਾਅਦ ਆਪਣੇ ਆਪ 'ਤੇ ਮਾਣ ਮਹਿਸੂਸ ਕਰੇ।
ਸੀਐਮ ਮਾਨ ਨੇ ਕਿਹਾ ਕਿ ਹਾਕੀ ਟੀਮ ਦੇ ਕਪਤਾਨ ਰਹੇ ਗਗਨਜੀਤ ਸਿੰਘ ਨੂੰ ਐਸਐਸਪੀ ਐਸਐਸਐਫ ਪੰਜਾਬ ਨਿਯੁਕਤ ਕੀਤਾ ਗਿਆ ਹੈ। ਇੱਕ ਖਿਡਾਰੀ ਨਿਯਮਾਂ ਦੀ ਬਿਹਤਰ ਪਾਲਣਾ ਕਰ ਸਕਦਾ ਹੈ। ਉਹ ਲਾਲ, ਹਰੇ, ਸੰਤਰੀ ਕਾਰਡਾਂ ਦੀ ਮਹੱਤਤਾ ਨੂੰ ਜਾਣਦੇ ਹਨ। ਗਗਨਜੀਤ ਸਿੰਘ ਨੇ ਹਾਕੀ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ। ਇੰਨਾ ਹੀ ਨਹੀਂ ਹਾਕੀ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ।