ਬਠਿੰਡਾ: ਪੰਜਾਬ ਸਰਕਾਰ ਨੇ ਬਠਿੰਡਾ ਦੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਸੁਖਪ੍ਰੀਤ ਸਿੰਘ ਤੇ ਜੇਈ ਨਵੀਨ ਕੁਮਾਰ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਸਰਕਾਰ ਵੱਲੋਂ ਇਹ ਕਾਰਵਾਈ ਨਵੀਂ ਬਣੀ ਸੜਕ ਦੇ ਕੰਮ ਵਿੱਚ ਲਾਪ੍ਰਵਾਹੀ ਦਿਖਾਉਂਦੇ ਹੋਏ ਇੱਕ ਵੀਡੀਓ ਮਿਲਣ ਤੋਂ ਬਾਅਦ ਕੀਤੀ ਗਈ ਜਾਂਚ ਦੇ ਆਧਾਰ 'ਤੇ ਕੀਤੀ ਗਈ ਹੈ।



ਦਰਅਸਲ ਜ਼ਿਲ੍ਹੇ ਦੇ ਪਿੰਡ ਬੰਗੀ ਤੋਂ ਸੁਖਲੱਦੀ ਤੱਕ ਨਵੀਂ ਸੜਕ ਬਣਾਈ ਜਾ ਰਹੀ ਸੀ। ਇਸ ਸੜਕ ਦੇ ਵਿਚਕਾਰ ਬਿਜਲੀ ਦਾ ਖੰਭਾ ਲੱਗਾ ਹੋਇਆ ਸੀ, ਜਿਸ ਨੂੰ ਸਾਈਡ ਨਹੀਂ ਕੀਤੀ ਗਈ। ਬਿਨਾਂ ਪਿੱਲਰ ਨੂੰ ਹਟਾਏ ਸੜਕ 'ਤੇ ਲੁੱਕ ਪਾਕੇ ਪੱਕੀ ਸੜਕ ਬਣਾ ਦਿੱਤੀ ਗਈ। ਸੜਕ ਦੇ ਵਿਚਕਾਰ ਖੰਭਾ ਹੋਣ ਦੇ ਬਾਵਜੂਦ ਲੁੱਕ ਪਾਕੇ ਸੜਕ ਬਣਾਉਣ ਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ।


ਪਿਆਕੜਾਂ ਦੀਆਂ ਲੱਗਣੀਆਂ ਮੌਜਾਂ! ਪੰਜਾਬ 'ਚ ਹਰਿਆਣਾ ਨਾਲੋਂ ਸਸਤੀ ਸ਼ਰਾਬ, ਚੰਡੀਗੜ੍ਹ ਨਾਲੋਂ ਸਸਤੀ ਮਿਲੇਗੀ ਬੀਅਰ, ਜਾਣੇ ਕਿੰਨੀਆਂ ਘਟੀਆਂ ਕੀਮਤਾਂ

ਇਸ ਸਬੰਧੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦੇਣ ਲਈ ਕਾਫੀ ਗੰਭੀਰ ਹੈ, ਜਿਸ ਕਾਰਨ ਉਕਤ ਦੋਵਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਮੁਅੱਤਲ ਕੀਤੇ ਗਏ ਅਧਿਕਾਰੀ ਆਪਣੀ ਮੁਅੱਤਲੀ ਦੌਰਾਨ ਮੁੱਖ ਇੰਜਨੀਅਰ ਦੇ ਦਫ਼ਤਰ ਪਟਿਆਲਾ ਵਿਖੇ ਹੋਣਗੇ, ਜੋ ਮੁੱਖ ਇੰਜਨੀਅਰ ਦੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈੱਡਕੁਆਰਟਰ ਨਹੀਂ ਛੱਡਣਗੇ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਵੱਲੋਂ ਡਿਊਟੀ ਪ੍ਰਤੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਦੂਜੇ ਪਾਸੇ ਜੇਈ ਨਵੀਨ ਕੁਮਾਰ ਨੇ ਇਸ ਮਾਮਲੇ ਵਿੱਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।