ਚੀਮਾ ਮੰਡੀ : ਨਜ਼ਦੀਕੀ ਪਿੰਡ ਫਲੇੜਾ ਵਿਖੇ ਦਰਦਨਾਕ ਘਟਨਾ ਵਾਪਰੀ ਜਿੱਥੇ ਖੇਤ 'ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁਖ ਅਤੇ ਕਲੱਬ ਪ੍ਰਧਾਨ ਹਰਦੀਪ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਲਾ ਰਾਮ (23 ਸਾਲ) ਤੇ ਵਿੱਕੀ ਸ਼ਰਮਾ (28 ਸਾਲ) ਜੋ ਕਿ ਖੇਤ ਵਿੱਚ ਕੰਮ ਕਰ ਰਹੇ ਸਨ, ਦੀ ਕਰੰਟ ਲੱਗ ਜਾਣ ਕਾਰਨ ਮੌਤ ਹੋ ਗਈ ਹੈ।ਅਚਾਨਕ ਵਾਪਰੀ ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਇਲਾਕੇ ਵਿੱਚ ਮੀਂਹ ਪਿਆ ਸੀ ਅਤੇ ਇਸ ਤੋਂ ਬਾਅਦ ਦੋਵੇਂ ਭਰਾ ਫ਼ਸਲ ਦਾ ਜਾਇਜ਼ਾ ਲੈਣ ਲਈ ਆਪਣੇ ਖੇਤ ਵਿੱਚ ਚਲੇ ਗਏ। ਛੋਟੇ ਭਰਾ ਬੱਲਾ ਰਾਮ ਨੇ ਅਚਾਨਕ ਬਿਜਲੀ ਦੇ ਖੰਭੇ ਨੂੰ ਛੂਹਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਜਦੋਂ ਵੱਡੇ ਭਰਾ ਵਿੱਕੀ ਸ਼ਰਮਾ ਨੇ ਆਪਣੇ ਛੋਟੇ ਭਰਾ ਨੂੰ ਬਿਜਲੀ ਦਾ ਕਰੰਟ ਲੱਗਦਿਆਂ ਦੇਖਿਆ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਫੜ ਲਿਆ ਅਤੇ ਬਿਜਲੀ ਦਾ ਕਰੰਟ ਲੱਗਣ ਨਾਲ ਦੋਵੇਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸ ਦਈਏ ਕਿ ਇਨ੍ਹਾਂ ਦੋਵਾਂ ਭਰਾਵਾਂ ਦੇ ਪਿਤਾ ਮਿੱਠੂ ਰਾਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਮ੍ਰਿਤਕ ਭਰਾਵਾਂ 'ਚੋਂ ਵਿੱਕੀ ਸ਼ਰਮਾ ਵਿਆਹਿਆ ਹੋਇਆ ਸੀ ਅਤੇ ਛੋਟੇ ਭਰਾ ਬੱਲਾ ਰਾਮ ਦਾ ਅਜੇ ਵਿਆਹ ਨਹੀਂ ਹੋਇਆ ਸੀ।
ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਵੇਂ ਭਰਾਵਾਂ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ। ਇਸ ਦੁਖਦਾਈ ਖਬਰ ਤੋਂ ਬਾਅਦ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।