ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਨੇ ਗੰਦਗੀ ਫੈਲਾਉਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਚਲਾਨ ਕੀਤਾ ਹੈ। ਸੈਕਟਰ-2 ਸਥਿਤ ਕੋਠੀ ਨੰਬਰ 7 ਦੇ ਪਿੱਛੇ ਕੂੜਾ ਫੈਲਿਆ ਹੋਇਆ ਸੀ, ਜਿਸ ਨੂੰ ਦੇਖਦੇ ਹੋਏ ਨਿਗਮ ਨੇ ਇਹ ਕਾਰਵਾਈ ਕੀਤੀ। ਕੁੱਲ 10,000 ਰੁਪਏ ਦਾ ਚਲਾਨ ਕੀਤਾ ਗਿਆ ਹੈ। ਚਲਾਨ ਸੀਆਰਪੀਐਫ ਬਟਾਲੀਅਨ 113, ਡੀਐਸਪੀ ਹਰਜਿੰਦਰ ਸਿੰਘ ਦਾ ਕੱਟਿਆ ਗਿਆ ਹੈ।



ਮਿਲੀ ਜਾਣਕਾਰੀ ਅਨੁਸਾਰ ਇਹ ਕੋਠੀ ਨੰਬਰ 7 ਮੁੱਖ ਮੰਤਰੀ ਦੇ ਨਾਂ ’ਤੇ ਅਲਾਟ ਹੈ ਪਰ ਮੁੱਖ ਮੰਤਰੀ ਕੋਠੀ ਨੰਬਰ 6 ਵਿੱਚ ਰਹਿੰਦੇ ਹਨ। ਪੰਜਾਬ ਦੇ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਇੱਥੇ ਰਹਿੰਦੇ ਹਨ। ਮੰਤਰੀਆਂ ਦੀਆਂ ਗੱਡੀਆਂ ਵੀ ਇੱਥੇ ਹੀ ਪਾਰਕ ਕੀਤੀਆਂ ਜਾਂਦੀਆਂ ਹਨ। ਕੋਠੀ ਦੇ ਪਿਛਲੇ ਪਾਸੇ ਕੂੜਾ ਪਿਆ ਹੋਣ ਦੀ ਸੂਚਨਾ ਮਿਲਣ ’ਤੇ ਅੱਜ ਸਵੇਰੇ ਨਗਰ ਨਿਗਮ ਦੀ ਟੀਮ ਪੁੱਜੀ।

ਮੌਕੇ ਦਾ ਮੁਆਇਨਾ ਕਰ ਕੇ ਫੋਟੋ ਖਿਚਵਾਉਣ ਤੋਂ ਬਾਅਦ ਚਲਾਨ ਕੱਟਿਆ ਗਿਆ। ਸਾਲਿਡ ਵੇਸਟ ਮੈਨੇਜਮੈਂਟ ਉਪ-ਨਿਯਮਾਂ, 2018 ਦੇ ਨਿਯਮ 14(I) ਅਤੇ ਨਿਯਮ 15(G) ਦੇ ਤਹਿਤ 500+9500 ਰੁਪਏ ਦਾ ਚਲਾਨ ਕੀਤਾ ਗਿਆ ਹੈ। ਚਲਾਨ ਕੱਟਣ ਵਾਲੇ ਅਧਿਕਾਰੀ ਨੇ ਚਲਾਨ ਪੇਪਰ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਇੱਕ ਹਫ਼ਤੇ ਵਿੱਚ ਚਲਾਨ ਭਰਿਆ ਜਾ ਸਕਦਾ ਹੈ।

ਨਿਗਮ ਕਾਂਗਰਸ ਪ੍ਰਧਾਨ ਦਾ ਵੀ ਕਰ ਚੁੱਕੀ ਚਲਾਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ 29,000 ਰੁਪਏ ਦਾ ਚਲਾਨ ਕੀਤਾ ਸੀ। ਇਹ ਚਲਾਨ ਸ਼ਹਿਰ ਵਿੱਚ ਬਿਨਾਂ ਮਨਜ਼ੂਰੀ ਦੇ ਹੋਰਡਿੰਗ ਲਗਾਉਣ ਕਾਰਨ ਕੀਤਾ ਗਿਆ ਸੀ।

ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਸਹੁੰ ਚੁੱਕਣੀ ਸੀ। ਇਹ ਪ੍ਰੋਗਰਾਮ ਸੈਕਟਰ-15 ਦੇ ਕਾਂਗਰਸ ਭਵਨ ਵਿਖੇ ਹੋਇਆ। ਇਸ ਸਬੰਧੀ ਸੈਕਟਰ-15 ਸਮੇਤ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਪੋਸਟਰ ਲਾਏ ਗਏ ਸਨ। ਇਹ ਕਾਰਵਾਈ ਚੰਡੀਗੜ੍ਹ ਐਡਵਰਟਾਈਜ਼ਿੰਗ ਕੰਟਰੋਲ ਆਰਡਰ 1954 ਤਹਿਤ ਕੀਤੀ ਗਈ ਹੈ।