ਲੰਡਨ: ਸਕਾਟਲੈਂਡ ਯਾਰਡ ਵੱਲੋਂ ਪੂਰਬੀ ਲੰਡਨ ਵਿੱਚ ਇੱਕ 29 ਸਾਲਾ ਪੰਜਾਬੀ ਮੂਲ ਦੇ ਵਿਅਕਤੀ 'ਤੇ ਤਿੰਨ ਹਮਵਤਨ ਵਿਅਕਤੀਆਂ ਦੇ ਕਤਲ ਦੇ ਇਲਜ਼ਾਮ ਲਾਏ ਹਨ। ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਸੰਦੀਪ ਸਿੰਘ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਤੇ ਇਰਾਦੇ ਨਾਲ ਇਹ ਸਾਜਿਸ਼ ਰਚਣ ਦੇ ਇਲਜ਼ਾਮ ਲੱਗੇ ਹਨ।


ਸੰਦੀਪ, ਇਸ ਮਾਮਲੇ ਦੀ ਤੀਜੀ ਗ੍ਰਿਫਤਾਰੀ ਹੈ, ਜਿਸ ਨੂੰ ਮੰਗਲਵਾਰ ਨੂੰ ਰੈੱਡਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਸੋਮਵਾਰ ਨੂੰ ਪੂਰਬੀ ਲੰਡਨ ਦੇ ਪੁਲਿਸ ਸਟੇਸ਼ਨ ਵਿੱਚ ਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਤਿੰਨ ਪੀੜਤ ਵਿਅਕਤੀ, ਜਿਨ੍ਹਾਂ ਦਾ ਨਾਮ 29 ਸਾਲਾ ਨਰਿੰਦਰ ਸਿੰਘ ਲੁਭਾਇਆ, 30 ਸਾਲਾ ਹਰਿੰਦਰ ਕੁਮਾਰ ਤੇ 37 ਸਾਲਾ ਮਲਕੀਤ ਸਿੰਘ ਢਿੱਲੋਂ ਉਰਫ ਬਲਜਿੰਦਰ ਸਿੰਘ ਹੈ, ਨੂੰ ਚਾਕੂ ਮਾਰੇ ਗਏ ਸਨ। ਬਾਅਦ ਵਿੱਚ ਤਿੰਨਾਂ ਜ਼ਖਮੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਕੇਸ ਸਬੰਧੀ ਪਹਿਲਾਂ ਗ੍ਰਿਫਤਾਰ ਕੀਤੇ 29 ਸਾਲਾ ਗੁਰਜੀਤ ਸਿੰਘ ਨੂੰ ਇਸ ਹਫ਼ਤੇ ਜਨਤਕ ਜਗ੍ਹਾ 'ਤੇ ਹਥਿਆਰ ਰੱਖਣ ਦੇ ਦੋਸ਼ ਹੇਠ ਕੋਰਟ ਵਿੱਚ ਪੇਸ਼ ਕਰਨ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਕਤਲ ਦੇ ਮਾਮਲਿਆਂ ਨਾਲ ਸਬੰਧਤ ਇੱਕ ਹੋਰ ਵਿਅਕਤੀ ਨੂੰ ਪੁਲਿਸ ਨੇ ਕਤਲ ਦੀ ਜਾਂਚ ਦੇ ਇੱਕ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਪੁੱਛਗਿੱਛ ਤੋਂ ਹਟਾ ਦਿੱਤਾ ਗਿਆ।

ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਭਾਰਤ ਵਿੱਚ ਪਰਿਵਾਰਾਂ ਨੂੰ ਲਾਸ਼ਾਂ ਦੀ ਵਾਪਸੀ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ।