ਅੰਮ੍ਰਿਤਸਰ: ਆਮ ਤੌਰ 'ਤੇ ਆਪਣੇ ਅਨੋਖੇ ਕਾਰਨਾਮਿਆਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਨੇ ਅੱਜ ਹੋਰ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋਏਗਾ। ਪੁਲਿਸ ਵੱਲੋਂ ਅੱਜ ਤੜਕੇ ਹਰਿਮੰਦਰ ਸਾਹਿਬ ਦੇ ਸਾਬਕਾ ਅਰਦਾਸੀਏ ਸਿੰਘ ਨੂੰ ਗ੍ਰਿਫ਼ਤਾਰ ਕਾਰਨ ਮਗਰੋਂ ਕੁਝ ਦੇਰ ਬਾਅਦ ਇਹ ਕਹਿ ਕੇ ਰਿਹਾਅ ਕਰ ਦਿੱਤਾ ਕਿ ਉਨ੍ਹਾਂ ਨੂੰ ਭੁਲਖੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ।     ਹਾਸਲ ਜਾਣਕਾਰੀ ਮੁਤਾਬਕ ਅੱਜ ਸਵੇਰੇ ਕੁਝ ਪੁਲਿਸ ਮੁਲਾਜ਼ਮ ਸਵੇਰੇ ਤੜਕੇ ਅਰਦਾਸੀਏ ਬਲਬੀਰ ਸਿੰਘ ਦੇ ਘਰ ਗਏ ਤੇ ਉਨ੍ਹਾਂ ਨੂੰ ਆਪਣੇ ਨਾਲ ਥਾਣਾ ਬੀ ਡਵੀਜ਼ਨ ਲੈ ਗਏ। ਉੱਥੇ ਸਰਬੱਤ ਖਾਲਸਾ ਦੇ ਕਨਵੀਨਰ ਭਾਈ ਮੋਹਕਮ ਸਿੰਘ ਸਣੇ ਕਈ ਹੋਰ ਸਿੱਖ ਆਗੂਆਂ ਨੂੰ ਵੀ ਬਿਠਾਇਆ ਹੋਇਆ ਸੀ। ਜਦ ਮੁਲਾਜ਼ਮ ਬਲਬੀਰ ਸਿੰਘ ਨੂੰ ਉੱਥੇ ਲੈ ਕੇ ਪੁੱਜੇ ਤਾਂ ਮੋਹਕਮ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕੇ ਬਲਬੀਰ ਸਿੰਘ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ। ਇਸ ਮਗਰੋਂ ਮੌਕੇ 'ਤੇ ਮੌਜੂਦ ਪੁਲਿਸ ਅਫਸਰਾਂ ਨੇ ਬਲਬੀਰ ਸਿੰਘ ਨੂੰ ਇਹ ਕਿਹਾ ਕਿ ਉਨ੍ਹਾਂ ਨੂੰ ਭੁਲੇਖੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਘਰ ਛੱਡ ਗਏ।   ਜ਼ਿਕਰਯੋਗ ਹੈ ਕੇ 17 ਜੁਲਾਈ ਨੂੰ ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਅਸਫਲ ਕਾਰਨ ਲਈ ਸਰਕਾਰ ਤੇ ਪੁਲਿਸ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਇਸੇ ਦੇ ਚੱਲਦਿਆਂ ਕਈ ਸਿੱਖ ਗਰਮਖਿਆਲੀ ਆਗੂਆਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਜਿਸ ਤਰ੍ਹਾਂ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਾਰਨ ਮਗਰੋਂ ਰਿਹਾਅ ਕਰਨ ਦਾ ਡਰਾਮਾ ਕੀਤਾ ਗਿਆ ਹੈ, ਇਸ ਨਾਲ ਪੁਲਿਸ ਦੇ ਖੂਫੀਆ ਤੰਤਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ।