ਚੰਡੀਗੜ੍ਹ: ਪੰਜਾਬ ਪੁਲਿਸ ਅਕਸਰ ਹੀ ਆਪਣੀਆਂ ਹਰਕਤਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਕੋਰੋਨਾ ਦੇ ਕਹਿਰ ਦੌਰਾਨ ਡਿਊਟੀ ਕਰਕੇ ਪੰਜਾਬ ਪੁਲਿਸ ਨੂੰ ਪ੍ਰਸ਼ੰਸਾ ਵੀ ਮਿਲ ਰਹੀ ਹੈ ਪਰ ਕੁਝ ਮੁਲਾਜ਼ਮ ਆਪਣੇ ਸੁਭਾਅ ਮੁਤਾਬਕ ਅਜਿਹੀਆਂ ਹਰਕਤਾਂ ਕਰ ਹੀ ਜਾਂਦੇ ਹਨ ਜਿਸ ਕਰਕੇ ਵੱਡੇ ਸਵਾਲ ਖੜ੍ਹੇ ਹੋ ਜਾਂਦੇ ਹਨ। ਪਿਛਲੇ ਦਿਨੀਂ ਪੂਰੇ ਪੰਜਾਬ ਵਿੱਚੋਂ ਕੁਝ ਅਜਿਹੀਆਂ ਹੀ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ।

  1. ਵੀਡੀਓ ਬਣਾਉਣ ਦੇ ਸ਼ੱਕ ’ਚ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ


ਜਗਰਾਉਂ: ਕੋਰੋਨਾ ਕਰਫਿਊ ਦੌਰਾਨ ਕਿਸੇ ਦੁਕਾਨ ਦਾ ਸ਼ਟਰ ਭੰਨ ਰਹੇ ਪੁਲਿਸ ਮੁਲਾਜ਼ਮਾਂ ਨੇ ਰਾਹਗੀਰ ਨੌਜਵਾਨ ਨੂੰ ਵੀਡੀਓ ਬਣਾਉਣ ਦੇ ਸ਼ੱਕ ’ਚ ਬੁਰੀ ਤਰ੍ਹਾਂ ਕੁੱਟਿਆ ਤੇ ਪੁਲਿਸ ਚੌਕੀ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ। ਇਸ ਮਾਮਲੇ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਥਾਣੇਦਾਰ ਤੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਨੌਜਵਾਨ ਨੀਰਜ ਕੁਮਾਰ ਜੋਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੀਰਜ ਕਿਸੇ ਦੁਕਾਨ ’ਤੇ ਕੰਮ ਕਰਦਾ ਹੈ, ਉਹ ਘਰ ਜਾ ਰਿਹਾ ਸੀ ਤਾਂ ਉਸ ਦੀ ਮਾਂ ਦਾ ਫੋਨ ਆ ਗਿਆ। ਉਹ ਫੋਨ ’ਤੇ ਗੱਲ ਕਰਦਾ ਹੋਇਆ ਜਾ ਰਿਹਾ ਸੀ ਤਾਂ ਰਸਤੇ ’ਚ ਕੁਝ ਪੁਲਿਸ ਮੁਲਾਜ਼ਮ ਕਿਸੇ ਦੁਕਾਨ ਦਾ ਸ਼ਟਰ ਭੰਨ ਰਹੇ ਸਨ। ਪੁਲਿਸ ਮੁਲਾਜ਼ਮਾਂ ਨੂੰ ਲੱਗਾ ਕਿ ਨੀਰਜ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਪੁਲਿਸ ਮੁਲਾਜ਼ਮਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਤੇ ਉਸ ਨੂੰ ਪੁਲਿਸ ਚੌਕੀ ਬੱਸ ਸਟੈਂਡ ਲੈ ਗਏ ਜਿਥੇ ਉਸ ਦੀ ਕੁੱਟਮਾਰ ਕੀਤੀ ਗਈ।

2. ਸਬ-ਇੰਸਪੈਕਟਰ ਵੱਲੋਂ ਪੱਤਰਕਾਰਾਂ ਦੀ ਕੁੱਟਮਾਰ

ਜਲੰਧਰ: ਬਿਸਤ ਦੋਆਬ ਨਹਿਰ ’ਤੇ ਨਾਕੇ ਦੌਰਾਨ ਪੱਤਰਕਾਰ ਨਾਲ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨਾਲ ਵਿਵਾਦ ਹੋ ਗਿਆ ਸੀ। ਗੱਲ ਵਧਦੀ ਦੇਖ ਕੇ ਜਦੋਂ ਦੋ ਹੋਰ ਪੱਤਰਕਾਰ ਉੱਥੇ ਗਏ ਤਾਂ ਸਬ ਇੰਸਪੈਕਟਰ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਜਿੱਥੇ ਪੱਤਰਕਾਰਾਂ ਨਾਲ ਬਦਸੂਲਕੀ ਕੀਤੀ ਉੱਥੇ ਸਿੱਖ ਪੱਤਰਕਾਰ ਦੀ ਕਥਿਤ ਤੌਰ ’ਤੇ ਪੱਗ ਲਾਹ ਦਿੱਤੀ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਤੇ ਕੁੱਟਮਾਰ ਕੀਤੀ।

ਦੂਜੇ ਪੱਤਰਕਾਰ ਸਬ ਇੰਸਪੈਕਟਰ ਨੂੰ ਰੋਕ ਰਹੇ ਸਨ ਤਾਂ ਉਸ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ। ਉਧਰ, ਪੱਤਰਕਾਰਾਂ ਨਾਲ ਕੁੱਟਮਾਰ ਕਰਨ ਵਾਲੇ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੂੰ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਮੁਅੱਤਲ ਕਰ ਦਿੱਤਾ ਹੈ।

3. ਪੁਲਿਸ ਕੋਲ ਸ਼ਿਕਾਇਤ ਦਰ ਕਰਵਾਉਣ ਵਾਲੇ ਦੀ ਹੀ ਕੁੱਟਮਾਰ

ਸੰਦੌੜ: ਕਸਬਾ ਭੁਰਾਲ ਦੇ ਦਲਿਤ ਨੌਜਵਾਨ ਨਾਲ ਥਾਣਾ ਸੰਦੌੜ ਦੇ ਚਾਰ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ’ਚ ਪੀੜਤ ਨੌਜਵਾਨ ਸਿਮਰਨਜੀਤ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਤ ਚਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਏਐਸਆਈ ਸੁਖਵਿੰਦਰ ਸਿੰਘ, ਏਐਸਆਈ ਯਾਦਵਿੰਦਰ ਸਿੰਘ, ਕਾਂਸਟੇਬਲ ਗੁਰਦੀਪ ਸਿੰਘ ਤੇ ਹੋਮਗਾਰਡ ਦੇ ਮੁਲਾਜ਼ਮ ਕੇਸਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪੀੜਤ ਸਿਮਰਨਜੀਤ ਕੋਲੋਂ ਕੁਝ ਵਿਅਕਤੀਆਂ ਨੇ 21 ਹਜ਼ਾਰ ਰੁਪਏ ਖੋਹ ਲਏ ਸਨ। ਜਦੋਂ ਉਹ ਥਾਣਾ ਸੰਦੌੜ ’ਚ ਘਟਨਾ ਦੀ ਜਾਣਕਾਰੀ ਦੇਣ ਗਿਆ ਤਾਂ ਚਾਰ ਪੁਲਿਸ ਮੁਲਾਜ਼ਮਾਂ ਨੇ ਉਲਟਾ ਉਸ ਦੀ ਕੁੱਟਮਾਰ ਕੀਤੀ। ਬੁਰੀ ਹਾਲਤ ’ਚ ਸਿਮਰਨਜੀਤ ਸਿੰਘ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਕਰਵਾਇਆ ਗਿਆ ਸੀ।

ਮਗਰੋਂ ਪੁਲਿਸ ਪ੍ਰਸ਼ਾਸਨ ਨੇ ਏਐਸਆਈ ਸੁਖਵਿੰਦਰ ਸਿੰਘ ਨੂੰ ਮੁਅੱਤਲ ਤੇ ਦੋ ਮੁਲਾਜ਼ਮਾਂ ਦਾ ਪੁਲਿਸ ਲਾਈਨ ਤਬਾਦਲਾ ਕਰ ਦਿੱਤਾ ਸੀ। ਹੋਮਗਾਰਡ ਮੁਲਾਜ਼ਮ ਕੇਸਰ ਸਿੰਘ ਖ਼ਿਲਾਫ਼ ਕਾਰਵਾਈ ਸਬੰਧੀ ਉਸ ਦੇ ਵਿਭਾਗ ਨੂੰ ਭੇਜ ਦਿੱਤਾ ਸੀ।

4. ਦੂਜੇ ਜਿਲ੍ਹੇ 'ਚ ਪਹੁੰਚ ਕੀਤੀ ਪਰਿਵਾਰ ਦੀ ਕੁੱਟਮਾਰ

ਸ਼ਾਹਕੋਟ: ਪਿੰਡ ਨਿਹਾਲੂਵਾਲ ਵਿਚ ਸਹੁਰੇ ਪਰਿਵਾਰ ਤੋਂ ਅਲੱਗ ਰਹਿ ਰਹੀ ਔਰਤ ਨੂੰ ਉਸ ਦੇ ਪਤੀ ਕੋਲੋਂ ਬੱਚਾ ਦਿਵਾਉਣ ਆਈ ਮੋਗਾ ਪੁਲਿਸ ਨੇ ਐਤਵਾਰ ਨੂੰ ਔਰਤ ਦੇ ਸਹੁਰਾ ਪਰਿਵਾਰ ਦੀ ਕੁੱਟਮਾਰ ਕੀਤੀ। ਸੂਚਨਾ ਮਿਲਦੇ ਹੀ ਡੀਐਸਪੀ ਸ਼ਾਹਕੋਟ ਤੇ ਐਸਐਚਓ ਲੋਹੀਆਂ ਖਾਸ ਵੀ ਪਿੰਡ ਨਿਹਾਲੂਵਾਲ ਪਹੁੰਚ ਗਏ। ਮਾਮਲਾ ਵਧਦਾ ਦੇਖ ਮੋਗਾ ਪੁਲਿਸ ਤੇ ਦੋਵੇਂ ਪਰਿਵਾਰਾਂ ਨੂੰ ਥਾਣਾ ਲੋਹੀਆਂ ਖਾਸ ਲਿਜਾਇਆ ਗਿਆ। ਉਥੋਂ ਪੁਲਿਸ ਨੇ ਦੋਵੇਂ ਪਰਿਵਾਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਹੈ।

ਅੰਮ੍ਰਿਤਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਿਹਾਲੂਵਾਲ ਨੇ ਦੱਸਿਆ ਕਿ ਉਸ ਦੀ ਪਤਨੀ ਬਲਜਿੰਦਰ ਕੌਰ 2 ਮਹੀਨੇ ਦੇ ਪੁੱਤਰ ਕਬੀਰਪਾਲ ਸਿੰਘ ਨੂੰ ਛੱਡ ਕੇ ਪੇਕੇ ਘਰ ਜਾ ਕੇ ਰਹਿਣ ਲੱਗ ਪਈ। ਐਤਵਾਰ ਨੂੰ ਉਸ ਦੀ ਪਤਨੀ ਮੋਗਾ ਪੁਲੀਸ ਦੇ 40-50 ਮੁਲਾਜ਼ਮਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆ ਗਈ ਤੇ ਪੁਲਿਸ ਨੇ ਆਉਂਦਿਆਂ ਹੀ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਬਲਜਿੰਦਰ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਪਿੰਡ ਮਹਿਲ (ਮੋਗਾ) ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਮਿਲਣ ਆਈ ਸੀ ਪਰ ਉਸ ਦੇ ਪਤੀ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦੇ ਹੀ ਡੀਐਸਪੀ ਸ਼ਾਹਕੋਟ ਤੇ ਐਸਐਚਓ ਲੋਹੀਆਂ ਖਾਸ ਵੀ ਉਥੇ ਪਹੁੰਚ ਗਏ। ਮਾਮਲਾ ਵਧਦਾ ਦੇਖ ਕੇ ਉਹ ਮੋਗਾ ਦੇ ਮੁਲਾਜ਼ਮਾਂ ਸਮੇਤ ਸਭ ਨੂੰ ਲੋਹੀਆਂ ਥਾਣੇ ਲੈ ਗਏ।

ਡੀਐਸਪੀ ਧਰਮਕੋਟ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਦੋਵੇ ਧਿਰਾਂ ਦਾ ਸਮਝੌਤਾ ਕਰਵਾਉਣ ਲਈ ਆਏ ਸਨ ਪਰ ਔਰਤ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੇ ਮੁਲਾਜ਼ਮਾਂ ਉੱਪਰ ਹਮਲਾ ਕਰ ਦਿੱਤਾ। ਡੀਐਸਪੀ ਸ਼ਾਹਕੋਟ ਪਿਆਰਾ ਸਿੰਘ ਨੇ ਕਿਹਾ ਕਿ ਬੜੀ ਮੁਸ਼ਕਿਲ ਨਾਲ ਰਾਤ 2 ਵਜੇ ਦੋਵੇ ਧਿਰਾਂ ਦਾ ਆਪਸੀ ਸਮਝੌਤਾ ਕਰਵਾਇਆ ਗਿਆ। ਸਮਝੌਤੇ ਵਿਚ ਬੱਚਾ ਪਿਤਾ ਨੂੰ ਸੌਪ ਦਿੱਤਾ ਗਿਆ ਹੈ। ਪਤੀ ਆਪਣੀ ਪਤਨੀ ਨੂੰ 4 ਲੱਖ ਰੁਪਏ ਖਰਚ ਵਜੋਂ ਦੇਵੇਗਾ।