Gangwar in Punjab: ਪੰਜਾਬ ਵਿੱਚ ਗੈਂਗਵਾਰ ਦਾ ਖਤਰਾ ਵਧ ਗਿਆ ਹੈ। ਕੇਂਦਰੀ ਏਜੰਸੀਆਂ ਨੇ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਇਸ ਬਾਰੇ ਅਲਰਟ ਕਰ ਦਿੱਤਾ ਗਿਆ ਸੀ। ਹੁਣ ਰਾਜਸਥਾਨ ਵਿੱਚ ਨਿਗੌਰ ਅਦਾਲਤ ਦੇ ਬਾਹਰ ਸੋਮਵਾਰ ਨੂੰ ਦਿਨ-ਦਿਹਾੜੇ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਅਲਰਟ ਹੋ ਗਈ ਹੈ। ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਹੁਣ ਸਿੱਧੂ ਮੂਸੇਵਾਲਾ ਦੇ ਕਾਤਲ ਲਾਰੈਂਸ ਬਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਦਾ ਵੀ ਇਹੀ ਅੰਜ਼ਾਮ ਹੋਵੇਗਾ।
ਉਧਰ, ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਸਮੇਤ ਜੱਗੂ ਭਗਵਾਨਪੁਰੀਆ ਤੇ ਇਨ੍ਹਾਂ ਦੇ ਗੈਂਗ ਨਾਲ ਜੁੜੇ ਹੋਏ ਗੈਂਗਸਟਰਾਂ ਦੀ ਸੁਰੱਖਿਆ ਲਈ ਹੋਰ ਗੰਭੀਰ ਹੋ ਗਈ ਹੈ। ਅਹਿਮ ਗੱਲ ਹੈ ਕਿ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਬਦਲਾ ਲੈਣ ਲਈ ਸ਼ੋਸਲ ਮੀਡੀਆ ’ਤੇ ਧਮਕੀਆਂ ਦਿੱਤੀਆਂ ਹੋਈਆਂ ਹਨ ਤੇ ਇਨ੍ਹਾਂ ਉਪਰ ਹਮਲਾ ਅਦਾਲਤਾਂ ਵਿੱਚ ਪੇਸ਼ੀ ਭੁਗਤਣ ਸਮੇਂ ਕੀਤੇ ਜਾਣ ਦੀ ਬਕਾਇਦਾ ਚਿਤਾਵਨੀ ਦਿੱਤੀ ਹੋਈ ਹੈ।
ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਫੜੇ ਗਏ ਦੀਪਕ ਮੁੰਡੀ ਸਮੇਤ ਅੰਕਿਤ ਸੇਰਸਾ ਤੇ ਪ੍ਰਿਆਵਰਤ ਫੌਜੀ ਪਹਿਲਾਂ ਹੀ ਰਾਜਸਥਾਨ ਵਿਚਲੀਆਂ ਕਈ ਵਾਰਦਾਤਾਂ ਨਾਲ ਸਬੰਧਤ ਹਨ। ਦੀਪਕ ਮੁੰਡੀ ਵੱਲੋਂ ਹਾਲ ਵਿੱਚ ਹੀ ਮਾਨਸਾ ਪੁਲਿਸ ਕੋਲ ਰਾਜਸਥਾਨ ਤੋਂ ਹਥਿਆਰ ਤੇ ਪੈਸੇ-ਟਕੇ ਸਮੇਤ ਹੋਰ ਸਹਾਇਤਾ ਆਉਣ ਦੀ ਜੋ ਗੱਲ ਕਹੀ ਗਈ ਹੈ, ਉਸ ਸਬੰਧੀ ਪੁਲਿਸ ਦੀਆਂ ਟੀਮ ਪਹਿਲਾਂ ਹੀ ਰਾਜਸਥਾਨ ਜਾ ਚੁੱਕੀ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਲਈ ਬੋਲੇਰੋ ਗੱਡੀ ਦੇਣ ਵਾਲੇ ਅਰਸ਼ਦ ਖਾਨ ਨੂੰ ਪੁਲਿਸ ਰਾਜਸਥਾਨ ’ਚੋਂ ਲਿਆ ਚੁੱਕੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਕਿਸੇ ਵੱਲੋਂ ਲਾਰੈਂਸ ਦਾ ਨਾਂ ਵਰਤ ਕੇ, ਜੋ ਈ-ਮੇਲ ’ਤੇ ਧਮਕੀ ਦਿੱਤੀ ਗਈ ਸੀ, ਉਸ ਲਈ ਜ਼ਿੰਮੇਵਾਰ ਵਿਅਕਤੀ ਮਹੀਪਾਲ ਵਾਸੀ ਕਾਕੇਲਵ ਫਿਟਕਾਸੀ, ਜ਼ਿਲ੍ਹਾ ਜੋਧਪੁਰ (ਰਾਜਸਥਾਨ) ਨੂੰ ਵੀ ਦੋ ਮੋਬਾਈਲਾਂ ਸਣੇ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਪੁਲਿਸ ਨੇ ਬੰਬੀਹਾ ਗੈਂਗ ਦੁਆਰਾ ਫੇਸ ਬੁੱਕ ’ਤੇ ਪਾਈ ਗਈ ਉਸ ਪੋਸਟ ਨੂੰ ਵੀ ਗੰਭੀਰਤਾ ਨਾਲ ਲਿਆ ਸੀ, ਜਿਸ ਵਿੱਚ ਬੰਬੀਹਾ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਉਨ੍ਹਾਂ ਦੇ ਗੈਂਗ ਉਪਰ ਅਦਾਲਤ ਵਿੱਚ ਪੇਸ਼ੀ ਦੌਰਾਨ ਹਮਲਾ ਕਰਨ ਦੀ ਚਿਤਾਵਨੀ ਦਿੱਤੀ ਸੀ।
ਬੰਬੀਹਾ ਗੈਂਗ ਵੱਲੋਂ ਦਿੱਤੀ ਗਈ ਇਸ ਧਮਕੀ ਤੋਂ ਬਾਅਦ ਤੋਂ ਹੀ ਪੁਲਿਸ ਦੀਪਕ ਮੁੰਡੀ, ਕਪਿਲ ਪੰਡਿਤ, ਰਾਜਿੰਦਰ ਜੋਕਰ ਤੇ ਹਾਲ ਵਿੱਚ ਹੀ ਫੜ੍ਹੇ ਮਨਪ੍ਰੀਤ ਉਰਫ਼ ਮਨੀ ਰਈਆ, ਮਨਦੀਪ ਉਰਫ਼ ਤੂਫਾਨ ਨੂੰ ਮਾਨਸਾ ਦੇ ਸੀਆਈਏ ’ਚ ਰੱਖਣ ਦੀ ਥਾਂ ਸਖ਼ਤ ਸੁਰੱਖਿਆ ਵਾਲੇ ਰਾਜਪੁਰਾ ਸੀਆਈਏ ਥਾਣੇ ਵਿੱਚ ਰੱਖ ਕੇ ਪੁੱਛ-ਪੜਤਾਲ ਕਰ ਰਹੀ ਹੈ।