ਤਰਨ ਤਾਰਨ: ਪੰਜਾਬ ਪੁਲਿਸ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਤੇ ਵਿਸਫੋਟਕਾਂ ਸਮੇਤ ਗ੍ਰਿਫਤਾਰ ਕੀਤਾ ਹੈ। ਤਿੰਨੇ ਜਾਣੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਿਸ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।


ਹਾਸਲ ਜਾਣਕਾਰੀ ਮੁਤਾਬਕ ਇਹ ਤਿੰਨੇ ਮੁਲਜ਼ਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਸਨੀਕ ਹਨ। ਇਨ੍ਹਾਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਪਿੰਡ ਰੌਲੀ, ਕਮਲਪ੍ਰੀਤ ਸਿੰਘ ਮਾਨ ਵਾਸੀ ਵਾਰਡ 6 ਮੋਗਾ, ਕੰਵਰਪਾਲ ਸਿੰਘ ਵਾਸੀ ਗੋਵਿੰਦ ਬਸਤੀ ਵਜੋਂ ਹੋਈ ਹੈ।


ਤਰਨ ਤਾਰਨ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ ਆਪਣੀ ਟੀਮ ਨਾਲ ਰਾਤ ਸਮੇਂ ਗਸ਼ਤ 'ਤੇ ਸੀ। ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਨੇੜੇ ਨਾਕੇ ਦੌਰਾਨ ਪੁਲਿਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਇੱਕ ਕਾਰ ਨੂੰ ਰੋਕਿਆ। ਇਸ ਵਿੱਚ ਤਿੰਨ ਲੋਕ ਸਵਾਰ ਸੀ।


ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ


ਐਸਐਸਪੀ ਨੇ ਦੱਸਿਆ ਕਿ ਕਾਰ ਤੇ ਉਸ ਵਿੱਚ ਸਵਾਰ ਲੋਕਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਹਥਿਆਰ ਤੇ ਵਿਸਫੋਟਕ ਬਰਾਮਦ ਹੋਏ। ਤਿੰਨਾਂ ਦੀ ਤਲਾਸ਼ੀ ਦੌਰਾਨ ਇੱਕ 9 ਐਮਐਮ ਪਿਸਤੌਲ, 11 ਕਾਰਤੂਸ, ਇੱਕ ਵਿਦੇਸ਼ੀ ਹੈਂਡ ਗ੍ਰਨੇਡ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ।


ਉਨ੍ਹਾਂ ਨੇ ਦੱਸਿਆ ਕਿ ਅੱਜ ਤਿੰਨਾਂ ਅੱਤਵਾਦੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਪੁੱਛਗਿੱਛ ਦੌਰਾਨ ਅੱਤਵਾਦੀਆਂ ਨੇ ਵੱਡਾ ਅਪਰਾਧ ਕਰਨ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ ਹੈ।


ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਪੁੱਛਗਿੱਛ ਵਿੱਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਹਥਿਆਰ ਤੇ ਵਿਸਫੋਟਕ ਕਿੱਥੋਂ ਮਿਲੇ ਹਨ।


ਇਹ ਵੀ ਪੜ੍ਹੋ: ਪੰਜਾਬੀ ਫਿਲਮ 'ਚ ਹਰਿਆਣਵੀਂ ਸਟਾਰ, ਰਣਜੀਤ ਬਾਵਾ ਨਾਲ ਨਜ਼ਰ ਆਉਣਗੇ ਅਜੇ ਹੁੱਡਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904