ਚੰਡੀਗੜ੍ਹ: ਪੰਜਾਬ 'ਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੋਟੋ ਵਾਲੇ ਸਰਕਾਰੀ ਤੇ ਗੈਰ ਸਰਕਾਰੀ ਪੋਸਟ, ਫਲੈਕਸ ਬੋਰਡ ਤੇ ਹੋਡਿੰਗਜ਼ ਹਟਾਉਣ ਦੀ ਮੁਹਿੰਮ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਕੈਪਟਨ ਦੇ ਕਰੀਬੀ ਨੇਤਾਵਾਂ ਤੇ ਅਫ਼ਸਰਾਂ ਦੀ ਵੀ ਛੁੱਟੀ ਜਾਰੀ ਹੈ। ਇਸ ਦੌਰਾਨ ਜਿੱਥੇ ਸਰਕਾਰੀ ਅਫ਼ਸਰ ਲੌਬਿੰਗ ਕਰ ਰਹੇ ਹਨ, ਉਧਰ ਨਵਜੋਤ ਸਿੱਧੂ ਵੀ ਕੈਪਟਨ ਤੋਂ ਪੁਰਾਣੇ ਬਦਲੇ ਲੈਂਦੇ ਨਜ਼ਰ ਆ ਰਹੇ ਹਨ।


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਬੱਸਾਂ ਤੋਂ ਉਤਾਰੇ ਜਾ ਰਹੇ ਹਨ। ਬੁੱਧਵਾਰ ਨੂੰ ਪੀਆਰਟੀਸੀ ਦੀਆਂ ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ।


ਹਾਲਾਂਕਿ ਬੀਤੇ ਦਿਨੀਂ ਪੰਜਾਬ ਰੋਡਵੇਜ਼ ਡਿਪੂ ਵਿੱਚ ਤਸਵੀਰਾਂ ਹਟਾਉਣ ਦੇ ਆਦੇਸ਼ਾਂ ਨੂੰ ਲੈ ਕੇ ਕਾਫੀ ਭੰਬਲਭੂਸਾ ਸੀ, ਪਰ ਬੱਸਾਂ ਦੇ ਇਸ਼ਤਿਹਾਰ ਉਤਾਰਨ ਲਈ ਅਧਿਕਾਰੀਆਂ ਵੱਲੋਂ ਅਧਿਕਾਰਤ ਹਦਾਇਤਾਂ ਦੀ ਉਡੀਕ ਕੀਤੀ ਜਾ ਰਹੀ ਸੀ। ਆਦੇਸ਼ ਜਾਰੀ ਕੀਤੇ ਜਾਣ ਮਗਰੋਂ ਇਸ ਦੀ ਪਾਲਣਾ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਦੀ ਤਰਫੋਂ ਆਪਣੀਆਂ ਪ੍ਰਾਪਤੀਆਂ ਦੱਸਣ ਲਈ, ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਇਸ਼ਤਿਹਾਰ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ 'ਤੇ ਲਾਏ ਗਏ ਸੀ।


ਇਹ ਵੀ ਧਿਆਨ ਦੇਣ ਯੋਗ ਹੈ ਕਿ ਸੋਮਵਾਰ ਨੂੰ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਹੋਈ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਭਵਨ ਦੇ ਕਾਨਫਰੰਸ ਹਾਲ ਵਿੱਚ ਕੈਪਟਨ ਦੇ ਸਾਰੇ ਪੋਸਟਰ ਢੱਕੇ ਹੋਏ ਸੀ। ਇਹੀ ਕੰਮ ਪੰਜਾਬ ਦੇ ਦੋਵਾਂ ਸਕੱਤਰੇਤਾਂ ਵਿੱਚ ਕੀਤਾ ਗਿਆ ਸੀ ਤੇ ਵੱਖ-ਵੱਖ ਵਿਭਾਗਾਂ ਵਿੱਚ ਕੈਪਟਨ ਦੀਆਂ ਤਸਵੀਰਾਂ ਤੇ ਪ੍ਰਚਾਰ ਪੋਸਟਰ ਹਟਾ ਦਿੱਤੇ ਗਏ ਹਨ।


ਇਹ ਵੀ ਪੜ੍ਹੋ: ਜਾਣੋ ਆਖਰ ਕਿਉਂ ਸ਼ਰਾਬ ਦੇ ਨਸ਼ੇ 'ਚ ਲੋਕ ਬੋਲਣ ਲੱਗਦੇ ਅੰਗਰੇਜੀ, ਖੋਜ 'ਚ ਹੈਰਾਨੀਜਨਕ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904