ਲੁਧਿਆਣਾ: ਪੰਜਾਬ ਵਿੱਚ ਇੰਸਟਾਗ੍ਰਾਮ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ। ਇੰਸਟਾਗ੍ਰਾਮ 'ਤੇ ਨੌਜਵਾਨਾਂ ਨੂੰ ਹਥਿਆਰਾਂ ਦੀ ਸਪਲਾਈ ਦੇ ਬਦਲੇ ਪੈਸੇ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ। ਵੱਡੇ ਸਪਲਾਇਰਾਂ ਨੇ ਹੁਣ ਸੋਸ਼ਲ ਮੀਡੀਆ ਨੂੰ ਗੈਰ-ਕਾਨੂੰਨੀ ਕਾਰੋਬਾਰ ਦਾ ਸਹਾਰਾ ਬਣਾ ਲਿਆ ਹੈ। 


ਖੰਨਾ ਪੁਲਿਸ ਨੇ ਅਜਿਹੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਚਾਰ ਪਿਸਤੌਲ ਵੀ ਬਰਾਮਦ ਹੋਏ। ਇਹ ਦੋਵੇਂ ਖਰੜ ਤੋਂ ਲੁਧਿਆਣਾ ਹਥਿਆਰਾਂ ਦੀ ਸਪਲਾਈ ਕਰਨ ਜਾ ਰਹੇ ਸਨ। ਇਨ੍ਹਾਂ ਦੀ ਪਛਾਣ ਅਭਿਸ਼ੇਕ ਸਕਸੈਨਾ ਵਾਸੀ ਸੈਕਟਰ-40ਏ ਚੰਡੀਗੜ੍ਹ ਅਤੇ ਅਮਨ ਵਾਸੀ ਸੈਕਟਰ-39 ਮਲੋਆ ਕਲੋਨੀ ਚੰਡੀਗੜ੍ਹ ਵਜੋਂ ਹੋਈ। ਅਭਿਸ਼ੇਕ ਦੀ ਉਮਰ 22 ਸਾਲ ਅਤੇ ਅਮਨ ਦੀ ਉਮਰ 18 ਸਾਲ ਹੈ। ਦੋਵੇਂ ਪ੍ਰਾਈਵੇਟ ਨੌਕਰੀ ਕਰਦੇ ਸਨ। ਇਹ ਇੰਸਟਾਗ੍ਰਾਮ ਰਾਹੀਂ ਸਪਲਾਇਰ ਦੇ ਸੰਪਰਕ 'ਚ ਆਏ ਸੀ।


ਐਸ.ਐਸ.ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਚੰਡੀਗੜ੍ਹ-ਲੁਧਿਆਣਾ ਕੌਮੀ ਮਾਰਗ ਉਪਰ ਹੇਡੋਂ ਪੁਲਿਸ ਚੌਕੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬਗੈਰ ਨੰਬਰ ਦੇ ਮੋਟਰਸਾਈਕਲ 'ਤੇ ਜਾ ਰਹੇ ਦੋਵੇਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਇਹਨਾਂ ਕੋਲ ਬੈਗ ਸੀ, ਜਿਸ ਵਿੱਚੋਂ ਪੁਆਇੰਟ 315 ਬੋਰ ਦੇ 3 ਪਿਸਤੌਲ (ਦੇਸੀ ਕੱਟਾ) ਬਰਾਮਦ ਹੋਏ। ਬਾਅਦ ਵਿਚ ਇਹਨਾਂ ਦੀ ਨਿਸ਼ਾਨਦੇਹੀ 'ਤੇ ਇੱਕ ਹੋਰ ਪਿਸਤੌਲ ਬਰਾਮਦ ਹੋਇਆ। ਦੋਵਾਂ ਕੋਲੋਂ ਕੁੱਲ 4 ਪਿਸਤੌਲ ਬਰਾਮਦ ਹੋਏ। ਐਸਐਸਪੀ ਕੌਂਡਲ ਨੇ ਦੱਸਿਆ ਕਿ ਜਾਂਚ ਦੌਰਾਨ ਅਹਿਮ ਖੁਲਾਸੇ ਹੋਏ। ਉਹਨਾਂ ਦੱਸਿਆ ਕਿ ਇੰਸਟਾਗ੍ਰਾਮ ਤੋਂ ਕਿਸੇ ਅਣਜਾਣ ਵਿਅਕਤੀ ਨੇ ਅਮਨ ਨੂੰ ਆਪਣੇ ਸੰਪਰਕ ਵਿੱਚ ਲਿਆ। ਉਸ ਨੂੰ ਹਥਿਆਰਾਂ ਦੀ ਸਪਲਾਈ ਦੀ ਪੇਸ਼ਕਸ਼ ਕੀਤੀ ਗਈ। ਜਿਸ ਤੋਂ ਬਾਅਦ ਅਮਨ ਨੇ ਆਪਣੇ ਦੋਸਤ ਅਭਿਸ਼ੇਕ ਨੂੰ ਵੀ ਸੰਪਰਕ ਵਿੱਚ ਲਿਆ। ਅਮਨ ਅਤੇ ਅਭਿਸ਼ੇਕ ਖਰੜ ਤੋਂ ਪਿਸਤੌਲ ਲੈ ਕੇ ਲੁਧਿਆਣਾ ਸਪਲਾਈ ਕਰਨ ਜਾ ਰਹੇ ਸਨ। ਰਸਤੇ ਵਿਚ ਹੀ ਇਹਨਾਂ ਨੂੰ ਫੜ ਲਿਆ ਗਿਆ। 


ਪੁਲਿਸ ਹੁਣ ਇੰਸਟਾਗ੍ਰਾਮ ਆਈਡੀ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ, ਜਦਕਿ ਖਰੜ ਵਿਖੇ ਪਿਸਤੌਲ ਕਿਸ ਵਿਅਕਤੀ ਨੇ ਦਿੱਤਾ, ਉਸ ਦੀ ਭਾਲ 'ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਐਸਐਸਪੀ ਕੌਂਡਲ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਵੀ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਕਿਸੇ ਵੀ ਅਣਜਾਣ ਵਿਅਕਤੀ ਦੇ ਸੰਪਰਕ ਵਿੱਚ ਨਾ ਆਉਣ।  ਗੁੰਮਰਾਹ ਹੋ ਕੇ ਕੋਈ ਗੈਰ-ਕਾਨੂੰਨੀ ਧੰਦਾ ਨਾਂ ਕਰਨ  ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ।