ਲੁਧਿਆਣਾ: ਲੁਧਿਆਣਾ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਅਦਭੁਤ ਤਸਵੀਰ ਪੇਂਟਿੰਗ ਤਿਆਰ ਕੀਤੀ ਹੈ, ਜਿਸ ਦੀ ਉਚਾਈ 18 ਫੁੱਟ ਹੈ ਤੇ ਇਹ 10 ਫੁੱਟ ਚੌੜੀ ਹੈ। ਇਸ ਤੋਂ ਪਹਿਲਾਂ ਅਸ਼ੋਕ ਸੈਂਕੜੇ ਪੇਂਟਿੰਗਜ਼ ਤਿਆਰ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਬਣਾਈ ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।


ਅਸ਼ੋਕ ਕੁਮਾਰ ਪੰਜਾਬ ਪੁਲਿਸ ਵਿੱਚ ਸੀਨੀਅਰ ਹੈਡ ਕਾਂਸਟੇਬਲ ਵਜੋਂ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਡਿਊਟੀ ਤੋਂ ਆਉਣ ਬਾਅਦ 3 ਤੋਂ 4 ਘੰਟੇ ਲਗਾਤਾਰ ਇਹ ਪੇਂਟਿੰਗ ਬਣਾ ਰਹੇ ਹਨ। ਇਸ ਨੂੰ ਤਿਆਰ ਕਰਨ ਲਈ ਹੁਣ ਤਕ ਉਹ 100 ਤੋਂ ਵੱਧ ਪੈਨਸਿਲਾਂ ਤੇ 200 ਦੇ ਕਰੀਬ ਬੁਰਸ਼ ਇਸਤੇਮਾਲ ਕਰ ਚੁੱਕੇ ਹਨ। ਹੁਣ ਤਕ ਇਸ ਪੇਂਟਿੰਗ 'ਤੇ ਕਰੀਬ 80 ਹਜ਼ਾਰ ਰੁਪਏ ਦੇ ਕਰੀਬ ਖ਼ਰਚ ਆ ਚੁੱਕਿਆ ਹੈ।


ਅਸ਼ੋਕ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਪੇਂਟਿੰਗ ਨੂੰ ਸੰਤਾਂ ਲਈ ਉਪਲੱਬਧ ਕਰਾਇਆ ਜਾਏਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪੇਂਟਿੰਗ ਨੂੰ ਅਜਿਹੀ ਥਾਂ ਪ੍ਰਕਾਸ਼ਿਤ ਕਰਾਇਆ ਜਾਏ ਜਿੱਥੇ ਸੰਗਤਾਂ ਇਸ ਨੂੰ ਵੇਖ ਸਕਣ।